ਪੰਜਾਬ ਦੇ ਸਾਰੇ ਸ਼ਹਿਰਾਂ ’ਚ ਘਰ-ਘਰ ਪਹੁੰਚਾਇਆ ਜਾਵੇਗਾ ਫਿਲਟਰ ਹੋਇਆ ਨਹਿਰੀ ਪਾਣੀ : ਇੰਦਰਬੀਰ ਸਿੰਘ ਨਿੱਜਰ

ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ, ਨਗਰ ਨਿਗਮ ਦੀਆਂ ਮੰਗਾਂ ਦਾ ਵੀ ਜਲਦ ਹੋਵੇਗਾ ਹੱਲ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 16 ਸਤੰਬਰ: ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਭੂਮੀ ਤੇ ਜਲ ਸੰਭਾਲ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਪੰਜਾਬ ਸ੍ਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ਵਿਚ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਡਿੱਗ ਰਹੇ ਧਰਤੀ ਦੇ ਪਾਣੀ ਪੱਧਰ ਨੂੰ ਬਚਾਇਆ ਜਾ ਸਕੇ। ਉਹ ਅੱਜ ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਦੇ ਮੁਹੱਲਾ ਦੀਪ ਨਗਰ ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈਲ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ,ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਮੇਅਰ ਸ਼੍ਰੀ ਸੁਰਿੰਦਰ ਕੁਮਾਰ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ, ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਮੌਜੂਦ ਸਨ।
        ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸ਼ਹਿਰਾਂ ਦੀ ਸਫਾਈ, ਪੀਣ ਵਾਲਾ ਸਾਫ਼ ਪਾਣੀ, ਲਾਈਟਾਂ, ਸੀਵਰੇਜ ਵਰਗੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਮੁੱਖ ਤਰਜੀਹ ਹੈ। ਇਸ ਦੌਰਾਨ ਉਨ੍ਹਾਂ ਨੇ ਆਊਟਸੋਰਸ ਮਜ਼ਦੂਰ ਫੈਡਰੇਸ਼ਨ, ਸਫ਼ਾਈ ਕਰਮਚਾਰੀ ਸੰਗਠਨ ਅਤੇ ਹੋਰ ਕਰਮਚਾਰੀ ਸੰਗਠਨਾਂ ਦੀਆਂ ਮੰਗਾਂ ਦਾ ਜਲਦ ਹੱਲ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਹੌਲੀ-ਹੌਲੀ ਸਾਰੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ, ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਤੰਦਰੁਸਤ ਲਾਈਫ ਸਟਾਈਲ ਨੂੰ ਪਹਿਲ ਦਿੰਦੇ ਹੋਏ ਰੋਜ਼ਾਨਾ ਸੈਰ ਜ਼ਰੂਰ ਕਰਨ। ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਐਸ.ਐਸ.ਪੀ. ਸ਼੍ਰੀ ਸਰਤਾਜ ਸਿੰਘ ਚਾਹਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਮਹਾਜਨ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਸਨਮਾਨ ਵਿਚ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ,ਜਿਸ ਉਪਰੰਤ ਉਨ੍ਹਾਂ ਨੇ ਨਗਰ ਨਿਗਮ ਵਿਖੇ ਆਯੋਜਿਤ ਸਮਾਰੋਹ ਵਿਚ ਸ਼ਿਰਕਤ ਕਰਕੇ ਉਥੇ ਕੈਟਲ ਕੈਚਿੰਗ ਵਹੀਕਲ ਜਨਤਾ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੇ ਵੱਖ-ਵੱਖ ਕਰਮਚਾਰੀ ਸੰਗਠਨਾਂ ਅਤੇ ਕੌਂਸਲਰਾਂ ਨਾਲ ਮੁਲਾਕਾਤ ਕਰਦੇ ਹੋਏ ਨਗਰ ਨਿਗਮ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
         ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਗਰ ਨਿਗਮ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਵਿਅਪਕ ਪੱਧਰ 'ਤੇ ਯੋਜਨਾ ਬਣਾਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀਆਂ ਸਾਰੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਨਗਰ ਨਿਗਮ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਂਦੇ ਹੋਏ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸਵੱਛ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਚਲਾਏ ਜਾ ਰਹੇ 'ਮੇਰਾ ਵਾਰਡ-ਮੇਰਾ ਮਾਣਲੂ' ਅਭਿਆਨ ਸਬੰਧੀ ਵੀ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਲਈ ਕਿਹਾ।
ਇਸ ਦੌਰਾਨ ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਚੰਦਨ ਗਰੇਵਾਲ,ਆਊਟਸੋਰਸ ਮਜ਼ਦੂਰ ਫੈਡਰੇਸ਼ਨ ਦੇ ਚੇਅਰਮੈਨ ਕਮਲ ਭੱਟੀ, ਪੰਜਾਬ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਨੇਤਾ ਕੁਲਵੰਤ ਸਿੰਘ ਸੈਣੀ ਅਤੇ ਹੋਰ ਆਗੂਆਂ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਕਰਮਚਾਰੀਆਂ ਦੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਪੱਤਰ ਸੌਂਪੇ।  ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਮੂਹ ਕੌਂਸਲਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਔਲਖ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਕਸੀਅਨ ਕੁਲਦੀਪ ਸਿੰਘ, ਸੰਦੀਪ ਸੈਣੀ, ਦਿਲੀਪ ਓਹਰੀ, ਸਤਵੰਤ ਸਿੰਘ ਸਿਆਨ, ਅਜੇ ਵਰਮਾ, ਕੁਲਵਿੰਦਰ ਸਿੰਘ ਹੁੰਦਲ, ਜਸਪਾਲ ਸਿੰਘ ਚੇਚੀ, ਵਰਿੰਦਰ ਬਿੰਦੂ, ਸੁਮੇਸ਼ ਸੈਣੀ, ਵਰਿੰਦਰ ਵੈਦ, ਰਾਜਾ ਹੰਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।