ਹੁਸ਼ਿਆਰਪੁਰ, 16 ਸਤੰਬਰ: ਪੰਜਾਬ ਸਰਕਾਰ, ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਵੀਰਪਾਲ ਕੌਰ ਦੇ ਦਿਸ਼ਾ ਨਿਰਦੇਸ਼ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਤਹਿਤ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿੱਚ ਡਾ. ਜਸਵੰਤ ਰਾਏ ਖੋਜ ਅਫ਼ਸਰ ਦੀ ਅਗਵਾਈ ਹੇਠ ਪੰਜਾਬੀ ਨਾਟਕ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਸ. ਗੁਰਸ਼ਰਨ ਸਿੰਘ ਅਤੇ ਬਹੁਰੰਗ ਕਲਾ ਕੇਂਦਰ ਦੇ ਡਾਇਰੈਕਟਰ ਸ਼੍ਰੀ ਅਸ਼ੋਕ ਪੁਰੀ ਉਚੇਚੇ ਤੌਰ 'ਤੇ ਪਹੁੰਚੇ। ਫਿਲਮ ਡਾਇਰੈਕਟਰ ਅਸ਼ੋਕ ਪੁਰੀ ਨੇ ਗੁਰਸ਼ਰਨ ਸਿੰਘ ਦੇ ਜੀਵਨ ਤੇ ਸਾਹਿਤਕ ਕੰਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਹੀ ਮਾਇਨਿਆਂ ਵਿੱਚ ਪ੍ਰਗਤੀਸ਼ੀਲ ਲੇਖਕ ਸਨ। ਉਨ੍ਹਾਂ ਨੇ ਪੰਜਾਬੀ ਨਾਟਕ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਲਗਾਤਾਰ ਛੇ ਦਹਾਕੇ ਨਾਟਕ ਦੇ ਵਿਹੜਿਆ 'ਚ ਉਨ੍ਹਾਂ ਦੀ ਤੂਤੀ ਬੋਲਦੀ ਰਹੀ। ਭਾਈ ਮੰਨਾ ਸਿੰਘ ਕਰਕੇ ਲੋਕਾਂ ਦੇ ਚੇਤਿਆਂ 'ਚ ਵਸੇ ਭਾਅ ਜੀ ਨੇ ਸਾਰੀ ਜ਼ਿੰਦਗੀ ਆਪਣੇ ਨਾਟਕਾਂ 'ਚੋਂ ਲੋਕ ਮੁੱਦੇ ਮਨਫ਼ੀ ਨਹੀਂ ਹੋਣ ਦਿੱਤੇ। ਡਾ. ਜਸਵੰਤ ਰਾਏ ਨੇ ਗੁਰਸ਼ਰਨ ਸਿੰਘ ਨੂੰ ਲੋਕਾਂ ਦਾ ਨਾਟਕਕਾਰ ਕਿਹਾ। ਉਨ੍ਹਾਂ ਕਿਹਾ ਕਿ ਨਾਟਕ ਅਤੇ ਸਟੇਜ ਦੇ ਖੇਤਰ ਵਿੱਚ ਉਨ੍ਹਾਂ ਵਲੋਂ ਪਾਈਆਂ ਪੈੜਾਂ ਸਿਖਾਂਦਰੂਆਂ ਲਈ ਸਦਾ ਰਾਹ ਦਿਸੇਰਾ ਬਣੀਆਂ ਰਹਿਣਗੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ. ਗੁਰਸ਼ਰਨ ਸਿੰਘ ਨੇ ਬਹੁਰੰਗਾ ਕਲਾ ਕੇਂਦਰ ਦੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਭਾਅ ਜੀ ਦੇ ਦੱਸੇ ਪੂਰਨਿਆਂ ਨੂੰ ਸਟੇਜ ਰਾਹੀਂ ਹੋਰ ਗੂਹੜਾ ਕਰਨ ਲਈ ਕਿਹਾ ਧੰਨਵਾਦੀ ਸ਼ਬਦ ਡਾ. ਜਸਵੰਤ ਰਾਏ ਨੇ ਆਖੇ। ਇਸ ਮੌਕੇ ਅੰਤਰ ਰਾਸ਼ਟਰੀ ਭੰਗੜਾ ਕੋਚ ਪ੍ਰਮੋਦ , ਗੁਰਮੇਲ ਧਾਲੀਵਾਲ, ਅਸ਼ੀਸ਼ ਪੁਰੀ, ਕੁਲਦੀਪ ਮਾਹੀ, ਤਰੁਣਦੀਪ ਸੈਣੀ, ਸੁਖਵਿੰਦਰ ਪਾਲ, ਵਿਵੇਕ ਆਹੀਰ, ਜੁਗਲ ਕਿਸ਼ੋਰ, ਪਵਨ ਕੁਮਾਰ ਤੇ ਸੁਰਿੰਦਰ ਪਾਲ ਹਾਜ਼ਰ ਸਨ।