ਮਾਨਵ ਜਾਤੀ ਨੂੰ ਨਿਰਸਵਾਰਥ ਭਾਵ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ ਭਾਈ ਘਨੱਈਆ ਜੀ ਦਾ ਜੀਵਨ : ਬ੍ਰਮ ਸ਼ੰਕਰ ਜਿੰਪਾ

ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਮਿਸ਼ਨ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ
ਹਿੰਦੂ, ਮੁਸਲਿਮ, ਸਿੱਖ, ਈਸਾਈ ਧਰਮ ਦੇ ਖੂਨਦਾਨੀਆਂ ਨੇ ਇਕੱਠੇ ਹੋ ਕੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਲਈ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 17 ਸਤੰਬਰ: ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਮਿਸ਼ਨ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿਚ ਪਹੁੰਚ ਕੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਵਰਗੇ ਮਹਾਂਪੁਰਸ਼ ਦਾ ਜੀਵਨ ਮਾਨਵ ਜਾਤੀ ਨੂੰ ਨਿਰਸਵਾਰਥ ਭਾਵ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ, ਕਿਉਂਕਿ ਉਨ੍ਹਾਂ ਮਾਨਵਤਾ ਦੀ ਪਾਲਣਾ ਕਰਦੇ ਹੋਏ ਨਿਰਪੱਖ ਹੋ ਕੇ ਆਪਣੇ ਕਰਤੱਵਾਂ ਨੂੰ ਨਿਭਾਉਂਦੇ ਹੋਏ ਦੁਸ਼ਮਣ ਦੇ ਜ਼ਖਮੀ ਸੈਨਿਕਾਂ ਨੂੰ ਵੀ ਪਾਣੀ ਪਿਲਾਇਆ। ਜਿਸ ਦੇ ਚੱਲਦਿਆਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਥੇ ਗਲੇ ਲਗਾ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਰਾਹਿਆ, ਉਥੇ ਉਨ੍ਹਾਂ ਦੀ ਜ਼ਖਮੀਆਂ ਦੇ ਇਲਾਜ ਲਈ ਵੀ ਪ੍ਰੇਰਿਆ।  
ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਦਾ ਜੀਵਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਭਵਿੱਖ ਵਿਚ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਭਾਈ ਘਨੱਈਆ ਜੀ ਦੇ ਪੂਰਨਿਆਂ 'ਤੇ ਚੱਲਣਾ ਸਮੇਂ ਦੀ ਜ਼ਰੂਰਤ ਹੈ, ਤਾਂ ਹੀ ਸਮਾਜ ਦਾ ਕਲਿਆਣ ਸੰਭਵ ਹੈ। ਉਨ੍ਹਾਂ 64ਵੀਂ ਵਾਰ ਖੂਨਦਾਨ ਕਰਨ ਵਾਲੇ ਭਾਈ ਘਨੱਈਆ ਜੀ ਮਿਸ਼ਨ ਦੇ ਪ੍ਰਧਾਨ ਸ਼੍ਰੀ ਬਹਾਦਰ ਸਿੰਘ ਸੁਨੇਤ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਸਮਾਜ ਵਿਚ ਲੋਕ ਖੂਨਦਾਨ ਤੇ ਨੇਤਰਦਾਨ ਲਈ ਪ੍ਰੇਰਿਤ ਹੋ ਰਹੇ ਹਨ, ਜੋ ਕਿ ਬਹੁਤ ਵੱਡੀ ਸਮਾਜ ਸੇਵਾ ਹੈ। ਇਸ ਦੌਰਾਨ ਉਨ੍ਹਾਂ ਆਪਣਾ ਸਰੀਰ ਦਾਨ ਕਰਨ ਵਾਲੇ ਸ਼੍ਰੀ ਨਿਰਮਲ ਸਿੰਘ ਦੀ ਵੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਸੱਚੀ ਮਾਨਵ ਸੇਵਾ ਦੱਸਿਆ।
ਖੂਨਦਾਨ ਕੈਂਪ ਦੀ ਸ਼ੁਰੂਆਤ ਭਾਈ ਘਨੱਈਆ ਜੀ ਮਿਸ਼ਨ ਦੇ ਪ੍ਰਧਾਨ ਸ਼੍ਰੀ ਬਹਾਦਰ ਸਿੰਘ ਸੁਨੇਤ, ਮਾਊਂਟ ਕਾਰਮਲ ਸੋਸਾਇਟੀ ਤੋਂ ਫਾਦਰ ਅਬਰਾਇਮ, ਅਹਮਦਿਆ ਮੁਸਲਿਮ ਭਾਈਚਾਰੇ ਤੋਂ ਮੰਨਨ ਸ਼ੇਖ, ਵਰਿੰਦਰ ਕੁਮਾਰ ਸੈਣੀ ਅਤੇ ਵਰਿੰਦਰ ਕੌਰ ਥਿੰਦ ਪਿੰਡ ਹੇੜੀਆਂ ਵਲੋਂ ਖੂਨਦਾਨ ਕਰ ਕੇ ਕੀਤੀ ਗਈ। ਹਿੰਦੂ, ਮੁਸਲਿਮ, ਸਿੱਖ, ਈਸਾਈ ਧਰਮ ਦੇ ਖੂਨਦਾਨੀਆਂ ਨੇ ਇਕੱਠੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਲਈ ਸਾਰੇ ਵਰਗਾਂ ਨੂੰ ਇਕੱਠੇ ਅੱਗੇ ਆਉਣ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ। ਕੈਂਪ ਦੌਰਾਨ ਖੂਨਦਾਨੀਆਂ ਨੂੰ ਨੇਤਰਦਾਨ ਤੇ ਅੰਗਦਾਨ ਲਈ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਮਰਨ ਉਪਰੰਤ ਉਨ੍ਹਾਂ ਦੀਆਂ ਅੱਖਾਂ ਅਤੇ ਸਰੀਰ ਦੇ ਅੰਗ ਕਿਸੇ ਦੇ ਕੰਮ ਆ ਸਕਣ।
ਇਸ ਮੌਕੇ ਮੇਅਰ ਸ਼੍ਰੀ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ, ਸਿਵਲ ਸਰਜਨ ਡਾ. ਅਮਰਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਵੈਸ਼ਾਲੀ, ਦਲੀਪ ਓਹਰੀ, ਮਨਮੋਹਨ ਸਿੰਘ, ਜਸਵੀਰ ਸਿੰਘ ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਓਂਕਾਰ ਸਿੰਘ ਧਾਮੀ,ਡਾ. ਜਿਓਤਸਨਾ, ਪ੍ਰੋ: ਰਣਜੀਤ ਤੇ ਹੋਰ ਪਤਵੰਤੇ ਵੀ ਮੌਜੂਦ ਸਨ।