ਚੌਗਿਰਦੇ ਦੀ ਸਾਂਭ-ਸੰਭਾਲ ਲਈ ਹਰੇਕ ਮਨੁੱਖ ਆਪਣੀ ਜ਼ਿੰਮੇਵਾਰੀ ਸਮਝੇ : ਹੇਅਰ

ਅੰਮ੍ਰਿਤਸਰ, 16 ਸਤੰਬਰ  -ਵਿਸ਼ਵ ਓਜ਼ਨ ਦਿਵਸ ਮੌਕੇ ਬੋਲਦੇ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਹੇਅਰ  ਨੇ ਕਿਹਾ ਕਿ ਕੁਦਰਤ ਨੇ ਧਰਤੀ ਉਤੇ ਪੈਦਾ ਕੀਤੇ ਸਾਰੇ ਜੀਵ-ਜੰਤੂਆਂ ਵਿਚੋਂ ਜੇਕਰ ਕਿਸੇ ਨੂੰ ਸਭ ਤੋਂ ਵੱਧ ਤਾਕਤਵਰ ਬਣਾਇਆ ਹੈ ਤਾਂ ਉਹ ਇਨਸਾਨ ਹੈ, ਪਰ ਮਾੜੀ ਗੱਲ ਇਹ ਹੈ ਕਿ ਇਨਸਾਨ ਨੇ ਹੀ ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਨਾਂ ਕਿਹਾ ਕਿ ਓਜ਼ੋਨ ਵਰਗੇ ਕੁਦਰਤੀ ਸਰੋਤ, ਜਿਨਾ ਕਾਰਨ ਧਰਤੀ ਉਤੇ ਜੀਵਨ ਹੈ, ਨੂੰ ਪੈਦਾ ਹੁੰਦੇ ਲੱਖਾਂ ਸਾਲ ਲੱਗ ਗਏ, ਪਰ ਸਾਡੀ ਜੀਵਨ-ਸ਼ੈਲੀ ਤੇ ਉਦਯੋਗਿਕ ਕ੍ਰਾਂਤੀ ਨੇ ਇੰਨਾ ਨੂੰ ਕਰੀਬ 100 ਸਾਲ ਦੇ ਅਰਸੇ ਵਿਚ ਹੀ ਨੁਕਸਾਨ ਦਿੱਤਾ ਹੈ। ਉਨਾਂ ਕਿਹਾ ਕਿ ਅੱਜ ਸਾਨੂੰ ਗੁਰੂ ਸਾਹਿਬ ਦੇ ਫਸਲਫੇ 'ਪਵਨ ਗੁਰੂ ਪਾਣੀ ਪਿਤਾ' ਨੂੰ ਸਮਝਣ ਉਤੇ ਉਸ ਉਤੇ ਚੱਲਣ ਦੀ ਲੋੜ ਹੈ। ਸ੍ਰੀ ਹੇਅਰ ਨੇ ਕਿਹਾ ਕਿ ਆਕਸੀਜਨ ਦੀ ਮਹੱਤਤਾ ਸਾਨੂੰ ਕਰੋਨਾ ਵਿਚ ਸਿਫਾਰਸ਼ ਉਤੇ ਜਾਂ ਹਜ਼ਾਰਾਂ ਰੁਪਏ ਖਰਚ ਕੇ ਮਿਲਦੇ ਆਕਸੀਜਨ ਦੇ  ਸਿਲੋਡਰਾਂ ਤੋਂ ਸਮਝਣੀ ਚਾਹੀਦੀ ਹੈ ਕਿ ਸਾਨੂੰ ਕੁਦਰਤ ਨੇ ਕਿੰਨੇ ਅਨਮੋਲ ਖਜ਼ਾਨੇ ਬਖਸ਼ੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਇਕ ਵਾਰ ਵਰਤੋਂ ਯੋਗ ਪਾਲਸਟਿਕ ਉਤੇ ਲਗਾਈ  ਪਾਬੰਦੀ ਅਜੇ ਜਾਗਰੂਕਤਾ ਦੌਰ ਵਿਚੋਂ ਹੀ ਲੰਘ ਰਹੀ ਹੈ ਅਤੇ ਜੇਕਰ ਲੋਕ ਨਾ ਸਮਝੇ ਤਾਂ ਸਰਕਾਰ ਵਰਤਣ, ਬਨਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਰੁੱਖ ਲਗਾਉਣ, ਉਨਾਂ ਨੂੰ ਪਾਲਣ, ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ, ਪਰਾਲੀ ਨੂੰ ਨਾ ਸਾੜਨ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਹਿਣ ਲਈ ਇਹ ਧਰਤੀ ਤੇ ਵਾਤਵਰਣ ਬਚੇਗਾ। ਅੱਜ ਸ੍ਰੀ ਹੇਅਰ ਨੇ ਪ੍ਰਦੂਸ਼ਣ ਵਿਭਾਗ ਵੱਲੋਂ ਪੁਰਾਣੇ ਫੋਕਲ ਪੁਆਇੰਟ ਵਿਚ ਢਾਈ ਏਕੜ ਰਕਬੇ ਵਿਚ ਲਗਾਏ ਜੰਗਲ ਜਿਸ ਵਿਚ 40 ਤਰਾਂ ਦੇ ਦਰਖਤ ਲਗਾਏ ਗਏ ਹਨ, ਦੀ ਸ਼ੁਰੂਆਤ ਵੀ ਕੀਤੀ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਨਿੱਜੀ ਤੌਰ ਉਤੇ ਆਪਣੀ ਜਿੰਮੇਵਾਰੀ ਪਛਾਣੋ, ਸਰਕਾਰ ਪੱਧਰ ਉਤੇ ਮੈਂ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣ ਦਿੰਦਾ।

  ਇਸ ਮੌਕੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਚ ਵਾਤਾਵਰਣ ਸੰਭਾਲ ਲਈ ਕੀਤੇ ਗਏ ਉਪਰਾਲਿਆਂ, ਜਿਸ ਵਿਚ 40 ਹਜ਼ਾਰ ਤੋਂ ਵੱਧ ਦਰਖਤ ਲਗਾਉਣੇਈ ਵਾਹਨਾਂ ਦੀ ਸ਼ੁਰੂਆਤਕੈਂਪਸ ਵਿਚ ਗੱਡੀਆਂ ਦੇ ਦਾਖਲੇ ਉਤੇ ਰੋਕ , ਵਾਟਰ ਹਾਰਵੈਸਟਿੰਗ, ਵਰਮੀ ਕੰਪੋਸਟ ਆਦਿ ਵਰਗੇ ਕੰਮ ਸ਼ਾਮਿਲ ਹਨ, ਦਾ ਜ਼ਿਕਰ ਕਰਦੇ ਕਿਹਾ ਕਿ ਇੰਨਾ ਕੋਸ਼ਿਸ਼ਾਂ ਦੇ ਥੋੜੇ ਅਰਸੇ ਵਿਚ ਹੀ ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ  ਪ੍ਰੋ. ਆਦਰਸ਼ ਪਾਲ ਵਿਗ ਨੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ, ਮੀਂਹ ਦੇ ਪਾਣੀ ਨੂੰ ਸੰਭਾਲਣ, ਏ ਸੀ ਤੇ ਫਰਿਜ਼ਾਂ ਵਰਗੇ ਯੰਤਰ ਜੋ ਕਿ ਕਲੋਰੋ ਫਲੋਰੋ ਕਾਰਬਨ ਪੈਦਾ ਕਰਕੇ ਓਜ਼ਨ ਨੂੰ ਖ਼ਤਰਾ ਪਹੁੰਚਾਉਦੇ ਹਨ, ਦੀ ਦੁਰਵਰਤੋਂ ਰੋਕਣ ਉਤੇ ਜ਼ੋਰ ਦਿੱਤਾ। ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ, ਪ੍ਰੋ ਸਰੋਜ਼ ਅਰੋੜਾ ਨੇ ਓਜ਼ਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਰਿਪੋਰਟ ਦਰਸ਼ਕਾਂ ਨਾਲ ਸਾਂਝੀ ਕੀਤੀ। ਹੋਰਨਾਂ ਤੋਂ ਇਲਾਵਾ ਇੰਜ ਕੁਰਨੇਸ਼ ਗਰਗ ਮੈਂਬਰ ਸਕੱਤਰ, ਇੰਜ ਜੀ ਐਸ ਮਜੀਠੀਆ ਨੇ ਵੀ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ  ਨੂੰ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਜੀਵਨਜੋਤ ਕੌਰ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਡੀ ਐਸ ਪੀ ਕੰਵਲਜੀਤ ਸਿੰਘ ਮੰਡ, ਡੀ ਆਰ ਸਹਿਕਾਰਤਾ ਸ. ਜੀ ਪੀ ਸਿੰਘ, ਸੈਨੇਟ ਮੈਂਬਰ ਸ੍ਰੀ ਸਤਪਾਲ ਸਿੰਘ ਸੋਖੀ, ਐਕਸੀਅਨ ਸ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।