ਨਵਾਂਸ਼ਹਿਰ, 16 ਸਤੰਬਰ, 2022: ਸਰਕਾਰ ਵੱਲੋਂ ਪਿੰਡਾਂ ਦੀ ਸਾਫ-ਸਫ਼ਾਈ ਸਬੰਧੀ ਚਲਾਈ ਗਈ ਮੁਹਿੰਮ 'ਸਵੱਛਤਾ ਹੀ ਸੇਵਾ' ਪੰਦਰਵਾੜੇ ਅਧੀਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਪਿੰਡਾਂ ਵਿਚ ਗਤੀਵਿਧੀਆਂ ਕਰਕੇ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਿੰਡਾਂ ਦੀ ਸਾਫ ਸਫਾਈ ਲਈ ਜਾਗਰੂਕ ਕੀਤਾ ਗਿਆ। ਇਸ ਸਬੰਧੀ ਸਕੂਲੀ ਵਿਦਿਆਰਥੀਆਂ ਨੇ ਪਿੰਡਾਂ ਵਿਚ ਰੈਲੀਆਂ ਕਰ ਕੇ ਸਵੱਛਤਾ ਦਾ ਸੁਨੇਹਾ ਦਿੱਤਾ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਵਰਤਣ ਦੀ ਅਪੀਲ ਵੀ ਕੀਤੀ। ਇਸ ਮੌਕੇ 'ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੱਕ ਪ੍ਰਣ ਸਮਾਗਮ ਵੀ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਪੀਣ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ, ਪਿੰਡ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਸਥਿਤੀ ਨੂੰ ਬਰਕਰਾਰ ਰੱਖਣ, ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰੇਲੂ ਪੱਧਰ ਵੱਖਰਾ ਕਰਨ ਅਤੇ ਪਿੰਡ ਨੂੰ ਸਾਫ-ਸੁਥਰਾ ਬਣਾਉਣ ਦਾ ਪ੍ਰਣ ਦਿਵਾਇਆ ਗਿਆ।