'ਖੇਡਾਂ ਵਤਨ ਪੰਜਾਬ ਦੀਆਂ-2022' ਨੇ ਪਟਿਆਲਾ 'ਚ ਸਿਰਜਿਆ ਮਿੰਨੀ ਓਲੰਪਿਕਸ ਦਾ ਮਾਹੌਲ

-ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ 12 ਹਜ਼ਾਰ ਦੇ ਕਰੀਬ ਖਿਡਾਰੀ ਮੈਦਾਨ ਵਿੱਚ ਨਿੱਤਰੇ
-126 ਪੈਰਾ ਅਥਲੀਟ ਵੀ ਖੇਡਾਂ ਵਤਨ ਪੰਜਾਬ ਦੀਆਂ ਦਾ ਬਣੇ ਹਿੱਸਾ, 40 ਕੋਚਾਂ ਸਮੇਤ 125 ਹੋਰ ਆਫ਼ਿਸ਼ੀਅਲ, ਰੈਫ਼ਰੀ ਵੀ ਤਾਇਨਾਤ
ਪਟਿਆਲਾ, 15 ਸਤੰਬਰ:ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਖੇਡਾਂ ਦੀ ਛੁਪੀ ਪ੍ਰਤਿਭਾ ਨੂੰ ਉਭਾਰਨ ਲਈ ਉਲੀਕੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਟਿਆਲਾ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 11799 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਦੀਆਂ ਵੱਖ-ਵੱਖ ਖੇਡ ਮੈਦਾਨਾਂ ਅੰਦਰ ਚੱਲ ਰਹੀਆਂ ਖੇਡ ਗਤੀਵਿੱਧੀਆਂ ਨੇ ਪਟਿਆਲਾ ਅੰਦਰ ਮਿੰਨੀ ਓਲੰਪਿਕਸ ਖੇਡਾਂ ਦਾ ਮਾਹੌਲ ਸਿਰਜਿਆ ਹੋਇਆ ਹੈ।
ਇਨ੍ਹਾਂ ਵਿੱਚ ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਖਿਡਾਉਣ ਲਈ ਜ਼ਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਹੇਠ 40 ਕੋਚਜ਼ ਤੋਂ ਇਲਾਵਾ 125 ਅਧਿਕਾਰੀ ਤੇ ਕਰਮਚਾਰੀ ਕੋ-ਕਨਵੀਨਰ ਤੇ ਰੈਫ਼ਰੀ ਵਜੋਂ ਵੀ ਤਾਇਨਾਤ ਕੀਤੇ ਗਏ ਹਨ।
ਖੇਡਾਂ ਵਤਨ ਪੰਜਾਬ ਦੀਆਂ ਲਈ ਹੋਈ ਰਜਿਸਟ੍ਰੇਸ਼ਨ ਮੁਤਾਬਕ ਭਾਰ ਚੁੱਕਣ ਵਿੱਚ 107 ਖਿਡਾਰੀ, ਬੈਡਮਿੰਟਨ 'ਚ 835, ਜੂਡੋ ਦੇ 279, ਕਿੱਕ ਬਾਕਸਿੰਗ ਦੇ 374, ਲਾਅਨ ਟੈਨਿਸ ਦੇ 228, ਗਤਕਾ ਵਿੱਚ 95, ਟੇਬਲ ਟੈਨਿਸ ਦੇ 233, ਬੌਕਸਿੰਗ 273, ਤੈਰਾਕੀ ਲਈ 154, ਕੁਸ਼ਤੀ ਦੇ 327, ਰੋਲਰ ਸਕੇਟਿੰਗ ਦੇ 153, ਪਾਵਰ ਲਿਫ਼ਟਿੰਗ ਦੇ 93, ਪੈਰਾ ਅਥਲੀਟ 126, ਅਥਲੈਟਿਕਸ ਦੇ 500 ਖਿਡਾਰੀ ਹਿੱਸਾ ਲੈ ਰਹੇ ਹਨ।
ਜਦੋਂਕਿ ਸਾਫ਼ਟਬਾਲ ਦੇ 399, ਬਾਸਕਟਬਾਲ ਦੇ 778, ਹਾਕੀ ਦੇ 718, ਨੈਟਬਾਲ ਦੇ 226, ਹੈਂਡਬਾਲ ਦੇ 491, ਕਬੱਡੀ ਦੇ 1270 ਖਿਡਾਰੀ, ਖੋ-ਖੋ ਦੇ 1340, ਵਾਲੀਬਾਲ ਦੇ 1200 ਅਤੇ ਫੁੱਟਬਾਲ ਦੇ 1600 ਖਿਡਾਰੀ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇਹ ਖੇਡਾਂ ਕਰਵਾ ਕੇ ਨਵਾਂ ਇਤਿਹਾਸ ਸਿਰਜਿਆ ਹੈ।