ਪੋਸ਼ਣ ਮਾਹ ਦੀ ਸ਼ੁਰੂਆਤ ਕੁਪੋਸ਼ਣ ਮੁਕਤ ਰਾਸ਼ਟਰ ਦਾ ਪ੍ਰਣ ਲੈ ਕੇ ਕੀਤੀ ਗਈ

ਏ ਡੀ ਸੀ ਰਾਜੀਵ ਵਰਮਾ ਨੇ ਭਾਗੀਦਾਰ ਵਿਭਾਗਾਂ ਨੂੰ ਇੱਕ ਮਹੀਨੇ ਦੌਰਾਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ
ਨਵਾਂਸ਼ਹਿਰ, 1 : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਅੱਜ ਪੋਸ਼ਣ ਮਾਹ ਦੀ ਸ਼ੁਰੂਆਤ ਏ ਡੀ ਸੀ (ਜ) ਰਾਜੀਵ ਵਰਮਾ ਵੱਲੋਂ ਸਮੂਹ ਭਾਗੀਦਾਰ ਵਿਭਾਗਾਂ ਨੂੰ ਕੁਪੋਸ਼ਣ ਮੁਕਤ ਰਾਸ਼ਟਰ ਦਾ ਪ੍ਰਣ ਦਿਵਾ ਕੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ 30 ਸਤੰਬਰ ਤੱਕ 'ਸਹੀ ਪੋਸ਼ਣ ਦੇਸ਼ ਰੋਸ਼ਨ' ਦੇ ਨਆਰੇ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਬੱਚਿਆਂ, ਕਿਸ਼ੋਰਾਂ, ਮਹਿਲਾਵਾਂ ਨੂੰ ਕੁਪੋਸ਼ਣ ਮੁਕਤ ਬਣਾ ਕੇ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਆਈ.ਸੀ.ਡੀ.ਐਸ. ਬਲਾਕਾਂ ਵਿੱਚ ਪਿੰਡ ਪੱਧਰ 'ਤੇ ਆਂਗਣਵਾੜੀ ਵਰਕਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਅਧੀਨ ਪੋਸ਼ਣ ਮਾਹ ਮਨਾਇਆ  ਜਾ ਰਿਹਾ ਹੈ। ਇਸ ਅਭਿਆਨ ਦਾ ਮੁੱਖ ਮਕਸਦ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਬੱਚੇ ਪਾਲ ਰਹੀਆਂ ਮਾਂਵਾਂ ਅਤੇ ਕਿਸ਼ੋਰੀਆਂ ਵਿੱਚ ਕੁਪੋਸ਼ਣ ਦੀ ਸਮੱਸਿਆਂ ਨੂੰ ਦੂਰ ਕਰਨਾ ਅਤੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਅਭਿਆਨ ਦੇ ਮੁੱਖ ਟੀਚੇ 0-6 ਸਾਲ ਵਾਲੇ ,ਘੱਟ ਵਜਨ ਵਾਲੇ ਬੱਚਿਆਂ ਦਾ ਅੰਕੜਾ 2 ਫੀਸਦੀ ਸਲਾਨਾ ਘਟਾ ਕੇ 6 ਫੀਸਦੀ 'ਤੇ ਲਿਆਉਣਾ, 6 ਤੋ 59 ਮਹੀਨੇ ਦੇ ਬੱਚਿਆਂ ਵਿੱਚ ਅਨੀਮੀਆ ਹਰ ਸਾਲ 3 ਫੀਸਦੀ ਘਟਾਉਣਾ, 5 ਤੋਂ 49 ਸਾਲ ਦੇ ਵਿਚਕਾਰ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਵਿੱਚ ਅਨੀਮੀਆ ਦੀ ਦਰ ਹਰ ਸਾਲ 3 ਫੀਸਦੀ ਨਾਲ ਘਟਾਉਣਾ, ਘੱਟ ਵਜ਼ਨ ਵਾਲੇ ਬੱਚਿਆਂ ਦਾ ਅੰਕੜਾ ਹਰ ਸਾਲ 2 ਫੀਸਦੀ ਦੀ ਦਰ ਨਾਲ ਘਟਾਉਣਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੋਸ਼ਣ ਮਾਹ ਦੌਰਾਨ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਮੁਦਾਇਕ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ ਜਾਵੇਗਾ। ਆਂਗਣਵਾੜੀ ਵਰਕਰਾਂ ਵੱਲੋਂ ਵੱਖ- ਵੱਖ ਗਤੀਵਿਧੀਆਂ ਜਿਵੇਂ ਗਰਭਵਤੀ ਔਰਤਾਂ ਦੀ ਸੁਪੋਸ਼ਣ ਗੋਦਭਰਾਈ, 6 ਮਹੀਨੇ ਦੇ ਬੱਚਿਆਂ ਦਾ ਅੰਨਪ੍ਰਾਸ਼ਨ, ਹੱਥ ਧੋਣ ਦਾ ਸਹੀ ਤਰੀਕਾ, ਸਾਫ -ਸਫਾਈ, ਕਿਸ਼ੋਰੀਆਂ ਲਈ ਸਵੱਸਥ ਮਾਂਹਵਾਰੀ ਪ੍ਰਬੰਧਨ ਦੇ ਤਰੀਕੇ, ਸਿਹਤਮੰਦ ਖਾਣ-ਪੀਣ ਤਿਆਰ ਕਰਨ ਦੀ ਵਿਧੀ ਦਾ ਪ੍ਰਦਰਸ਼ਨ, ਘਰੇਲੂ ਬਗੀਚੀਆਂ ਬਣਾਉਣਾ ਅਤੇ ਵੱਖ -ਵੱਖ ਭੋਜਨ ਸਮੂਹਾਂ ਚੋਂ ਸੰਤੁਲਿਤ ਪੋਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਵੱਲੋਂ ਬੱਚੇ ਦੇ ਜਨਮ ਦੇ ਪਹਿਲੇ ਇੱਕ ਹਜ਼ਾਰ ਦਿਨ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਬੱਚੇ ਦੇ ਬਿਹਤਰ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਤਾ ਪਾਉਂਦੇ  ਹਨ। ਇਸ ਦੇ ਨਾਲ ਹੀ ਗਰਭਵਤੀ ਅਤੇ ਨਰਸਿੰਗ ਮਾਂਵਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਟੀ.ਟੀ. ਟੀਕਾਕਰਨ, ਆਇਰਨ-ਫਾਲਿਕਐਸਿਡ ਦੀਆਂ ਗੋਲੀਆਂ ਅਤੇ ਸੰਤੁਲਿਤ ਭੋਜਨ ਲੈਣਾ ਬਹੁਤ ਜਰੂਰੀ ਹੈ। ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ। ਇਨ੍ਹਾਂ ਗਤੀਵਿਧੀਆਂ ਨੂੰ ਲੋਕਾਂ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਪੋਸ਼ਣ ਮਾਹ ਲਈ ਸ੍ਰੀ ਪੂਰਨ ਪੰਕਜ ਸ਼ਰਮਾ ਬਾਲ ਵਿਕਾਸ ਪ੍ਰਜੈਕਟ ਅਫਸਰ ਸੜੋਆ ਨੂੰ ਨੋਡਲ ਅਫਸਰ ਲਾਇਆ ਗਿਆ ਹੈ ਜੋ ਕਿ ਇਸ ਮਹੀਨੇ ਦੌਰਾਨ ਗਤੀਵਿਧੀਆਂ ਆਪਣੀ ਦੇਖ-ਰੇਖ ਹੇਠ ਕਰਵਾਉਣਗੇ।
ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਸਹਾਇਕ ਬਾਗਬਾਨੀ ਡਾਇਰੈਕਟਰ ਰਾਜੇਸ਼ ਕੁਮਾਰ ਵੀ ਮੌਜੂਦ ਸਨ।