ਬਲਾਚੌਰ, 1 ਫਰਵਰੀ : (ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ 'ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ' ਦੀ ਸ਼ੁਰੂਆਤ ਕੀਤੀ। ਇਸ ਮਿਸ਼ਨ ਤਹਿਤ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਦੇ ਪਿੰਡ ਸੁੱਧਾ ਮਜਾਰਾ ਵਿਖੇ ਜਲ ਸਪਲਾਈ ਸਕੀਮ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਪਿੰਡਾਂ ਵਿਚ ਸਾਫ਼-ਸੁਥਰੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਆਲੇ-ਦੁਆਲੇ ਦੀ ਸਵੱਛਤਾ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਕਰੀਬ 58 ਲੱਖ ਰੁਪਏ ਦੇ ਇਸ ਪ੍ਰਾਜੈਕਟ ਲਈ 10x12 ਫੁੱਟ ਦਾ ਪੰਪ ਚੈਂਬਰ, 50 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਅਤੇ ਕਰੀਬ 8 ਹਜ਼ਾਰ ਮੀਟਰ ਲੰਬੀ ਪਾਈਪ ਲਾਈਨ ਪਾਈ ਜਾਵੇਗੀ। ਇਸ ਜਲ ਸਪਲਾਈ ਸਕੀਮ ਨਾਲ ਕਰੀਬ 350 ਪਿੰਡ ਵਾਸੀਆਂ ਨੂੰ ਨਿਰਵਿਘਨ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸੁਵਿਧਾ ਮਿਲੇਗੀ। ਉਨਾਂ ਦੱਸਿਆ ਕਿ ਇਸ ਪਿੰਡ ਨੂੰ ਪਹਿਲਾਂ ਜਲ ਸਪਲਾਈ ਸਕੀਮ ਗਹੂੰਣ ਤੋਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਪਹਿਲਾਂ ਹੀ ਚਾਰ ਪਿੰਡ ਗਹੂੰਣ, ਸੁੱਧਾ ਮਜਾਰਾ, ਲੋਹਟ ਅਤੇ ਨਿਊ ਕਲੋਨੀ ਜੁੜੇ ਹੋਏ ਸਨ। ਪਰੰਤੂ ਹੁਣ ਪਿੰਡ ਸੁੱਧਾ ਮਜਾਰਾ, ਦੀ ਆਬਾਦੀ ਅਤੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਪਿੰਡ ਦੀ ਆਪਣੀ ਵੱਖਰੀ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਧਰਮਪਾਲ, ਐਕਸੀਅਨ ਰੋਹਿਤ ਕੁਮਾਰ, ਐਸ. ਡੀ. ਈ ਵਰਿੰਦਰ ਸਿੰਘ ਕੋਛੜ, ਜੇ. ਈ ਗੁਰਦੀਪ ਸਿੰਘ, ਸਰਪੰਚ, ਗੁਰਦੇਵ ਸਿੰਘ, ਮਲਕੀਤ ਸਿੰਘ ਨੰਬਰਦਾਰ, ਜਤਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :'ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ' ਤਹਿਤ ਪਿੰਡ ਸੁੱਧਾ ਮਜਾਰਾ ਵਿਖੇ ਜਲ ਸਪਲਾਈ ਸਕੀਮ ਦਾ ਸ਼ੁੱਭ ਆਰੰਭ ਕਰਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ।