ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ


ਪਟਿਆਲਾ 4 ਫਰਵਰੀ:(ਬਿਊਰੋ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਦੀ ਸਰਪ੍ਰਸਤੀ 'ਚ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਪ੍ਰਿੰ. ਰਾਜੇਸ਼ ਵਰਮਾਂ ਮੂਲੇਪੁਰ ਨੇ ਇਨਾਮ ਤਕਸੀਮ ਕੀਤੇ। ਸ਼ਬਦ ਗਾਇਨ ਮੁਕਾਬਲਿਆਂ 'ਚ ਬਾਰਵੀਂ ਜਮਾਤ ਦਾ ਵਿਦਿਆਰਥੀ ਹਰਪ੍ਰੀਤ ਸਿੰਘ ਪਹਿਲੇ ਸਥਾਨ 'ਤੇ ਰਿਹਾ। ਗਿਆਰਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਅਤਾਪੁਰੀ ਦੂਸਰੇ ਤੇ ਅਮਰਿੰਦਰ ਸਿੰਘ ਚਨਾਰਥਲ (ਗਿਆਰਵੀਂ ਜਮਾਤ) ਤੀਸਰੇ ਸਥਾਨ 'ਤੇ ਰਿਹਾ। ਇੰਨ੍ਹਾਂ ਮੁਕਾਬਲਿਆਂ ਦਾ ਸੰਚਾਲਨ ਲੈਕਚਰਾਰ ਹਰਿੰਦਰ ਕੌਰ, ਕਮਲਜੀਤ ਕੌਰ, ਡਾ. ਸੁਖਦਰਸ਼ਨ ਸਿੰਘ ਚਹਿਲ, ਸੁਖਵਿੰਦਰ ਕੌਰ ਤੇ ਰਣਜੀਤ ਸਿੰਘ ਬੀਰੋਕੇ ਨੇ ਸਟਾਫ ਦੇ ਸਹਿਯੋਗ ਨਾਲ ਕੀਤਾ। ਪ੍ਰਿੰ. ਚਹਿਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿੱਥੇ ਬੇਮਿਸਾਲ ਕੁਰਬਾਨੀ ਹਰ ਸਮੇਂ ਲੋਕਾਈ ਨੂੰ ਜੁਲਮ ਖਿਲਾਫ ਲੜਨ ਲਈ ਪ੍ਰੇਰਿਤ ਕਰਦੀ ਹੈ, ਉਥੇ ਉਨ੍ਹਾਂ ਦੀ ਬਾਣੀ ਵੀ ਇਨਸਾਨੀਅਤ ਲਈ ਮਾਰਗਦਰਸ਼ਕ ਬਣੀ ਹੋਈ ਹੈ। ਜਿਸ ਕਰਕੇ ਅਜਿਹੇ ਮਹਾਨ ਗੁਰੂਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਾਗਮ ਬਹੁਤ ਸ਼ਲਾਘਾਯੋਗ ਹਨ। ਜਿਸ ਤਹਿਤ ਹੀ ਉਨ੍ਹਾਂ ਦੇ ਸਕੂਲ 'ਚ ਵੀ ਗੁਰੂ ਸਾਹਿਬ ਦੀ ਫਿਲਾਸਫੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਤਸਵੀਰ:- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਿੰ. ਤੋਤਾ ਸਿੰਘ ਚਹਿਲ ਤੇ ਪ੍ਰਿੰ. ਰਾਜੇਸ਼ ਵਰਮਾਂ ਇਨਾਮ ਤਕਸੀਮ ਕਰਦੇ ਹੋਏ।