ਡਿਪਟੀ ਕਮਿਸ਼ਨਰ ਵੱਲੋਂ ਸੁਵਿਧਾ ਕੇਂਦਰਾਂ ਵਿਚ ਬਕਾਇਆ ਪਏ ਕੇਸਾਂ ਨੂੰ ਤਰੁੰਤ ਨਿਪਟਾਉਣ ਦੇ ਨਿਰਦੇਸ਼

ਲੋੜ ਅਨੁਸਾਰ ਨਵੇਂ ਸੇਵਾ ਕੇਂਦਰ ਖੋਲਣ ਬਾਰੇ ਵੀ ਤਜਵੀਜ਼ ਬਨਾਉਣ ਦੀ ਕੀਤੀ ਹਦਾਇਤ

 ਅੰਮਿ੍ਰਤਸਰ, 11 ਫਰਵਰੀ (ਬਿਊਰੋ)-ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਦੇ ਕੰਮ ਦੀ ਸਮੀਖਿਆ ਕਰਦੇ ਹਰ ਨਾਗਰਿਕ ਨੂੰ ਖਿੜੇ ਮੱਥੇ ਜੀ ਆਇਆਂ ਕਹਿਣ ਦੀ ਲੋੜ ਉਤੇ ਜ਼ੋਰ ਦਿੰਦੇ ਕਿਹਾ ਕਿ ਸੇਵਾ ਕੇਂਦਰ ਵਿਚ ਲੋਕਾਂ ਨੂੰ ਲੰਮਾ ਇੰਤਜ਼ਾਰ ਨਾ ਕਰਨਾ ਪਵੇ ਇਸ ਲਈ ਠੋਸ ਕਦਮ ਚੁੱਕੇ ਜਾਣ। ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਤੌਰ ਅਤੇ ਜਿਲਾ ਟੈਕਨੀਕਲ ਕੁਆਰਡੀਨੇਟਰ ਪਿ੍ਰੰਸ ਸਿੰਘ ਸਮੇਤ ਸਮੁੱਚੀ ਟੀਮ ਨਾਲ ਸੇਵਾ ਕੇਂਦਰਾਂ ਦੇ ਕੰਮ, ਬਕਾਇਆ ਪਏ ਕੇਸਾਂ, ਕੰਮ ਉਤੇ ਲੱਗਦੇ ਸਮੇਂ, ਸਟਾਫ ਤੇ ਹੋਰ ਸਾਜ਼ੋ ਸਮਾਨ ਆਦਿ ਦੀ ਲੋੜ ਉਤੇ ਵਿਚਾਰ ਕਰਦੇ ਸ. ਖਹਿਰਾ ਨੇ ਕਿਹਾ ਕਿ ਇਸ ਵੇਲੇ ਜਿਲੇ ਵਿਚ ਚਾਹੇ 41 ਸੇਵਾ ਕੇਂਦਰ ਕੰਮ ਕਰ ਰਹੇ ਹਨ, ਪਰ ਲੋਕਾਂ ਦੀ ਸਹੂਲਤ ਅਤੇ ਤੁਹਾਡੀ ਲੋੜ ਅਨੁਸਾਰ ਜੇਕਰ ਹੋਰ ਸੇਵਾ ਕੇਂਦਰ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇ। ਉਨਾਂ ਕਿਹਾ ਕਿ ਵੇਖਿਆ ਗਿਆ ਹੈ ਕਿ ਸ਼ਹਿਰਾਂ ਦੇ ਸੇਵਾ ਕੇਂਦਰਾਂ ਵਿਚ ਵੱਡੀ ਭੀੜ ਲੱਗਦੀ ਹੈ। ਇਸ ਲਈ ਇੰਨਾਂ ਕੇਂਦਰਾਂ ਵਿਚ ਲੋਕਾਂ ਨੂੰ ਕੰਮ ਕਰਵਾਉਣ ਲਈ ਵੱਧ ਇੰਤਜ਼ਾਰ ਵੀ ਕਰਨਾ ਪੈਂਦਾ ਹੈ, ਜਿਸ ਨੂੰ ਘੱਟ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਹਰੇਕ ਕੰਮ ਕਰਵਾਉਣ ਆਏ ਨਾਗਰਿਕ ਨੂੰ ਟੋਕਨ ਸਮੇਂ ਦੀ ਵੰਡ ਕਰਕੇ ਦਿੱਤਾ ਜਾਵੇ, ਤਾਂ ਜੋ ਕੰਮ ਕਰਵਾਉਣ ਵਾਲਾ ਆਪਣੀ ਵਾਰੀ ਉਤੇ ਹੀ ਕੇਂਦਰ ਵਿਚ ਆਵੇ ਤੇ ਉਸ ਦਾ ਸਮਾਂ ਬਰਬਾਦ ਨਾ ਹੋਵੇ। ਸ. ਖਹਿਰਾ ਨੇ ਇਸ ਲਈ ਨਵਾਂ ਸਾਫਟਵੇਅਰ ਤਿਆਰ ਕਰਵਾਉਣ ਵਾਸਤੇ ਆਈ. ਆਈ. ਐਮ ਦੇ ਮਾਹਿਰਾਂ ਨਾਲ ਵੀ ਵਿਚਾਰ ਕਰਨ ਦਾ ਸੁਝਾਅ ਦਿੱਤਾ। ਸ. ਖਹਿਰਾ ਨੇ ਕਿਹਾ ਕਿ ਭਾਵੇਂ ਸਾਡੇ ਸੇਵਾ ਕੇਂਦਰ ਢਾਈ ਲੱਖ ਦੇ ਕਰੀਬ ਲੋਕਾਂ ਨੂੰ ਸੇਵਾਵਾਂ ਦੇ ਚੁੱਕੇ ਹਨ, ਜੋ ਕਿ ਵੱਡੀ ਗਿਣਤੀ ਹੈ, ਪਰ ਇਸ ਸੇਵਾ ਵਿਚ ਸੁਧਾਰ ਦੀਆਂ ਵੱਡੀਆਂ ਲੋੜਾਂ ਹਨ। ਸ. ਖਹਿਰਾ ਨੇ ਸੇਵਾ ਕੇਂਦਰਾਂ ਦੀ ਹਰ ਲੋੜ, ਟੈਕਨੀਕਲ ਜਰੂਰਤਾਂ ਪੂਰੀਆਂ  ਕਰਵਾਉਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਇਸ ਬਾਰੇ ਵਿਸਥਾਰਤ ਤਜਵੀਜ਼ ਬਣਾਉ, ਜਿਸ ਨੂੰ ਅਸੀਂ ਪੂਰਾ ਕਰਕੇ ਸੇਵਾਵਾਂ ਬਿਹਤਰ ਢੰਗ ਨਾਲ ਦੇ ਸਕੀਏ। ਇਸ ਮੌਕੇ ਪਿ੍ਰੰਸ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ 56 ਸੇਵਾਵਾਂ ਦਾ ਵਾਧਾ ਕਰਨ ਨਾਲ ਸੇਵਾ ਕੇਂਦਰਾਂ ਵਿਚ ਕਰਵਾਏ ਜਾਣ ਵਾਲੇ ਕੰਮਾਂ ਦੀ ਗਿਣਤੀ 300 ਤੋਂ ਉਪਰ ਹੋ ਗਈ ਹੈ, ਜਿਸ ਨਾਲ ਲੋਕਾਂ ਦੀ ਗਿਣਤੀ ਹੋਰ ਵਧੇਗੀ।
ਕੈਪਸ਼ਨ:- ਸੇਵਾ ਕੇਂਦਰਾਂ ਦੇ ਕੰਮ ਦੀ ਨਜ਼ਰਸਾਨੀ ਕਰਦੇ ਸ. ਗੁਰਪ੍ਰੀਤ ਸਿੰਘ ਖਹਿਰਾ, ਨਾਲ ਹਨ ਸ੍ਰੀ ਹਿਮਾਸ਼ੂੰ ਅਗਰਵਾਲ ਤੇ ਹੋਰ।