ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮਹਾਨ ਗੁਰਮਤਿ ਸਮਾਗਮ 3 ਦਸੰਬਰ ਦਿਨ ਵੀਰਵਾਰ ਨੂੰ ਹੋਵੇਗਾ
ਗਿਆਨੀ ਨਿਰਮਲ ਸਿੰਘ ਧੂਲਕੋਟ ਵਾਲੇ ਕਰਨਗੇ ਗੁਰਬਾਣੀ ਕਥਾ
ਬੰਗਾ : 01 ਦਸੰਬਰ :-
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਜੋ ਪਿਛਲੇ 40 ਸਾਲਾਂ ਤੋਂ ਦੁਆਬੇ ਦੇ ਪੇਂਡੂ ਇਲਾਕਿਆਂ ਵਿਚ ਵਿਦਿਅਕ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ । ਇਸ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 03 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਿਹਰ 12.30 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਗੁਰਮਤਿ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜੀ ਦੇ ਭੋਗ ਵਜੇ ਸਵੇਰੇ ਪੈਣਗੇ ਅਤੇ ਇਸ ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ । ਇਸ ਸਮਾਗਮ ਵਿਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਨਿਰਮਲ ਸਿੰਘ ਧੂਲਕੋਟ ਵਾਲੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ ਜੋ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਮਹਾਨ ਗੁਰਮਤਿ ਸਮਾਗਮ ਦੀ ਜਾਣਕਾਰੀ ਦੇਣ ਮੌਕੇ ਟਰੱਸਟ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਖਜ਼ਾਨਚੀ ਤੇ ਚੇਅਰਮੈਨ ਫਾਈਨਾਂਸ ਕਮੇਟੀ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਅਤੇ ਸਮੂਹ ਟਰੱਸਟ ਸਟਾਫ਼ ਹਾਜ਼ਰ ਸਨ। ਇਸ ਸਾਲਾਨਾ ਮਹਾਨ ਗੁਰਮਤਿ ਸਮਾਗਮ ਵਿਚ ਦੇਸ ਵਿਦੇਸ ਦੀਆਂ ਸਮੂਹ ਦਾਨੀ ਸੰਗਤਾਂ, ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ, ਟਰੱਸਟ ਅਧੀਨ ਚੱਲਦੇ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰੀਆਂ ਭਰਨਗੀਆਂ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ