ਡਿਪਟੀ ਕਮਿਸ਼ਨਰ ਰੰਧਾਵਾ ਨੇ ਨਵਾਂਸ਼ਹਿਰ ਦਾਣਾ ਮੰਡੀ ’ਚ ਸ਼ੁਰੂ ਕਰਵਾਈ ਝੋਨੇ ਦੀ ਖਰੀਦ

ਆਪ ਆਗੂ ਲਲਿਤ ਮੋਹਨ ਪਾਠਕ ਸਮੇਤ ਜ਼ਿਲ੍ਹੇ ਦੇ ਖਰੀਦ ਏਜੰਸੀਆਂ ਨਾਲ ਸਬੰਧਤ ਅਧਿਕਾਰੀ ਵੀ ਰਹੇ ਮੌਕੇ 'ਤੇ ਮੌਜੂਦ
ਡੀ ਸੀ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੀ ਹਦਾਇਤ

ਨਵਾਂਸ਼ਹਿਰ, 3 ਅਕਤੂਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਆਪ ਆਗੂ ਲਲਿਤ ਮੋਹਨ ਪਾਠਕ ਸਮੇਤ ਜ਼ਿਲ੍ਹੇ ਦੇ ਖਰੀਦ ਨਾਲ ਜੁੜੇ ਅਧਿਕਾਰੀ ਵੀ ਮੌਜੂਦ ਰਹੇ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ 'ਚ 30 ਖਰੀਦ ਕੇਂਦਰਾਂ 'ਤੇ ਝੋਨੇ ਦੀ ਆਮਦ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਸੁੱਕਾ ਤੇ ਪੱਕਿਆ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਨਮੀ ਵਾਲਾ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਫ਼ਸਲ ਦੇ ਸੁੱਕਣ ਤੱਕ ਉਡੀਕ ਕਰਨੀ ਪਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦਾ ਆਉਣ ਵਾਲਾ ਇੱਕ-ਇੱਕ ਦਾਣਾ ਖਰੀਦਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਵਚਨਬੱਧ ਹਨ ਬਸ਼ਰਤੇ ਕਿਸਾਨ ਮੰਡੀਆਂ 'ਚ ਆਪਣੀ ਸੁੱਕੀ ਤੇ ਪੱਕੀ ਫ਼ਸਲ ਹੀ ਲੈ ਕੇ ਆਉਣ।ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਇਸ ਵਾਰ 3.81 ਲੱਖ ਮੀਟਿ੍ਰਕ ਟਨ ਝੋਨੇ ਦੀ ਫ਼ਸਲ ਆਉਣ ਦੀ ਸੰਭਾਵਨਾ ਹੈ, ਜਿਸ ਦੀ ਖਰੀਦ ਲਈ ਮੰਡੀਆਂ 'ਚ ਸਮੁੱਚੇ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮਾਰਕੀਟ ਕਮੇਟੀਆਂ ਨੂੰ ਮੰਡੀਆਂ 'ਚ ਆਉਂਦੇ ਜਿਮੀਂਦਾਰਾਂ ਨੂੰ ਪਾਣੀ, ਪਖਾਨੇ, ਲਾਈਟ ਆਦਿ ਸੁਵਿਧਾਵਾਂ ਦੇਣ ਦੀ ਹਦਾਇਤ ਵੀ ਕੀਤੀ ਗਈ ਹੈ।ਇਸ ਮੌਕੇ ਆਪ ਆਗੂ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਪਣੇ ਤੌਰ 'ਤੇ ਰਾਹੋਂ ਅਤੇ ਜਾਡਲਾ ਮੰਡੀਆਂ ਦਾ ਦੌਰਾ ਵੀ ਕੀਤਾ।ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ 'ਚ ਸੁੱਕੀ ਜਿਣਸ ਹੀ ਲਿਆਂਦੀ ਜਾਵੇ ਅਤੇ ਕੰਬਾਈਨਾਂ ਨਾਲ ਸ਼ਾਮ 7 ਵਜੇ ਤੋਂ ਸਵੇਰੇ 10 ਤੱਕ ਕਟਾਈ ਨਾ ਕਰਵਾਈ ਜਾਵੇ ਤਾਂ ਜੋ ਨਮੀ ਦੀ ਤੈਅ ਮਾਤਰਾ ਅਨੁਸਾਰ ਹੀ ਦਾਣਾ ਮੰਡੀ 'ਚ ਆ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਨਵੀਨਤਮ ਤਕਨਾਲੋਜੀ ਨਾਲ ਖੇਤ 'ਚ ਹੀ ਮਿਲਾਉਣ ਜਾਂ ਫ਼ਿਰ ਬੇਲਰ ਦੀ ਮੱਦਦ ਨਾਲ ਗੰਢਾਂ ਬਣਾ ਕੇ ਜੈਵਿਕ ਬਾਲਣ ਦੇ ਰੂਪ 'ਚ ਵਰਤੇ ਜਾਣ ਲਈ ਬਾਇਓ ਮਾਸ ਪਲਾਂਟਾਂ ਨੂੰ ਸਪਲਾਈ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ, ਡੀ ਐਫ ਐਸ ਸੀ ਰੇਨੂ ਬਾਲਾ ਵਰਮਾ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਵਿਨੀਤ ਰਾਣਾ ਤੇ ਜਸਵੀਰ ਟਾਂਕ ਵੀ ਮੌਜੂਦ ਸਨ।