ਫ਼ਸਲ ਦੀ ਜਲਦ ਖਰੀਦ ਲਈ ਕਿਸਾਨ ਖੇਤਾਂ ’ਚ ਸੁੱਕਾ ਅਤੇ ਪੱਕਿਆ ਝੋਨਾ ਹੀ ਲੈ ਕੇ ਆਉਣ-ਡੀ ਸੀ ਰੰਧਾਵਾ

ਜ਼ਿਲ੍ਹੇ 'ਚ ਖਰੀਦ ਲਈ 30 ਮੰਡੀਆਂ ਤਿਆਰ, ਮੰਡੀਆਂ 'ਚ ਇਸ ਸੀਜ਼ਨ 3.81 ਲੱਖ ਮੀਟਿ੍ਰਕ ਟਨ ਆਮਦ ਦੀ ਸੰਭਾਵਨਾ
ਨਵਾਂਸ਼ਹਿਰ, 1 ਅਕਤੂਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਜ਼ਿਲ੍ਹੇ 'ਚ 30 ਖਰੀਦ ਕੇਂਦਰਾਂ 'ਤੇ ਝੋਨੇ ਦੀ ਖਰੀਦ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਇਸ ਸੀਜ਼ਨ 'ਚ 3.81 ਲੱਖ ਮੀਟਿ੍ਰਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੇ ਕਿਸਾਨਾਂ ਨੂੰ ਮੰਡੀਆਂ 'ਚ ਬਿਨਾਂ ਦੇਰੀ ਫ਼ਸਲ ਦੀ ਖਰੀਦ ਲਈ ਸੁੱਕੀ ਅਤੇ ਪੱਕੀ ਫ਼ਸਲ ਹੀ ਲੈ ਕੇ ਆਉਣ ਦੀ ਅਪੀਲ ਕਰਦਿਆਂ ਡੀ ਸੀ ਰੰਧਾਵਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੇਂਦਰ ਸਰਕਾਰ ਵੱਲੋਂ ਮਿੱਥੇ ਮਿਆਰਾਂ ਅਨੁਸਾਰ ਹੀ ਖਰੀਦ ਏਜੰਸੀਆਂ ਨੂੰ ਸਮੇਂ ਸਿਰ ਖਰੀਦ ਕਰਨ ਦੀ ਆਸਾਨੀ ਰਹੇਗੀ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਝੋਨੇ ਦੀ ਖਰੀਦ ਲਈ ਟੀਚਿਆਂ ਦੀ ਕੀਤੀ ਗਈ ਵੰਡ ਮੁਤਾਬਕ ਪਨਗ੍ਰੇਨ 1.34 ਲੱਖ ਮੀਟਿ੍ਰਕ ਟਨ, ਮਾਰਕਫ਼ੈਡ 1.02 ਲੱਖ ਮੀਟਿ੍ਰਕ ਟਨ, ਪਨਸਪ 95 ਹਜ਼ਾਰ ਮੀਟਿ੍ਰਕ ਟਨ, ਪੰਜਾਬ ਰਾਜ ਗੋਦਾਮ ਨਿਗਮ 32 ਹਜ਼ਾਰ ਮੀਟਿ੍ਰਕ ਟਨ ਤੇ ਭਾਰਤੀ ਖੁਰਾਕ ਨਿਗਮ 16 ਹਜ਼ਾਰ ਮੀਟਿ੍ਰਕ ਟਨ ਦੀ ਖਰੀਦ ਕਰੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ 'ਚ ਦੂਸਰੇ ਰਾਜਾਂ ਤੋਂ ਅਣ-ਅਧਿਕਾਰਿਤ ਤੌਰ 'ਤੇ ਆਉਣ ਵਾਲੇ ਝੋਨੇ/ਚਾਵਲ ਦੀ ਚੈਕਿੰਗ ਲਈ ਮਾਰਕੀਟ ਕਮੇਟੀ ਪੱਧਰ 'ਤੇ ਉਡਣ ਦਸਤਿਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਨ੍ਹਾਂ ਉਡਣ ਦਸਤਿਆਂ ਵਿੱਚ ਇੱਕ-ਇੱਕ ਨੁਮਾਇੰਦਾ ਡਿਪਟੀ ਕਮਿਸ਼ਨਰ ਦਾ, ਮੰਡੀ ਬੋਰਡ, ਕਰ ਤੇ ਆਬਕਾਰੀ ਵਿਭਾਗ/ਜੀ ਐਸ ਟੀ ਵਿੰਗ ਅਤੇ ਪੁਲਿਸ ਮਹਿਕਮੇ ਦਾ ਇੱਕ-ਇੱਕ ਨੁਮਾਇੰਦਾ ਸ਼ਾਮਿਲ ਹੋਵੇਗਾ। ਇਹ ਦਸਤੇ ਰੋਜ਼ਾਨਾ ਕੀਤੀ ਜਾਣ ਵਾਲੀ ਚੈਕਿੰਗ/ਫੜੇ ਗਏ ਗੈਰ-ਕਾਨੂੰਨੀ ਝੋਨਾ/ਚਾਵਲ ਦੇ ਟਰੱਕ/ਗੋਦਾਮਾਂ ਬਾਰੇ ਰੋਜ਼ਾਨਾ ਰਿਪੋਰਟਿੰਗ ਕਰਨਗੇ।  ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਕੰਬਾਈਨ ਹਾਰਵੈਸਟਰਾਂ ਨਾਲ ਵਾਢੀ ਕਰਨ ਵਾਲੇ ਅਪਰੇਟਰਾਂ/ਚਾਲਕਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਵਾਢੀ ਨਾ ਕਰਨ ਅਤੇ ਵਾਢੀ ਕਰਨ ਵੇਲੇ ਪਰਾਲੀ ਦੇ ਨਿਪਟਾਰੇ ਲਈ ਸੁਪਰ ਐਸ ਐਮ ਐਸ ਪੱਖਾ ਲਾਜ਼ਮੀ ਚਲਾਉਣ। ਜੇਕਰ ਉਹ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਦੀ ਕੰਬਾਈਨ ਨੂੰ ਜ਼ਬਤ ਕਰ ਲਿਆ ਜਾਵੇਗਾ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਦਾ ਨਵੀਨਤਮ ਮਸ਼ੀਨਰੀ ਨਾਲ ਨਿਪਟਾਰਾ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਜ਼ਿੰਮੇਂਵਾਰ ਨਾਗਰਿਕ ਹੋਣ ਦਾ ਸਬੂਤ ਦਿੱਤਾ ਜਾਵੇ।