ਜ਼ਿਲ੍ਹੇ ਵਿੱਚ ਆਕਸੀਜਨ ਉਤਪਾਦਨ ਦੀ ਸਮਰੱਥਾ ਹੋਰ ਵਧੀ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਵਿਚ ਮਿਲੇਗੀ ਮਦਦ 

ਨਵਾਂਸ਼ਹਿਰ, 13 ਅਗਸਤ 2021 - ਸ਼ਹੀਦ ਭਗਤ ਸਿੰਘ ਨਗਰ ਨੂੰ ਮੈਡੀਕਲ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਜ਼ਿਲ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ, ਜਦੋਂ ਜ਼ਿਲ੍ਹੇ ਵਿੱਚ ਉੱਚ  ਖਪਤ ਵਾਲੇ ਇਕ ਨਿੱਜੀ ਹਸਪਤਾਲ ਨੇ ਪੀ.ਐਸ.ਏ. ਆਧਾਰਤ ਇਕ ਹੋਰ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕੀਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਰਾਜਾ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਨਵਾਂਸ਼ਹਿਰ ਵੱਲੋਂ ਪਹਿਲਾਂ ਵੀ ਆਪਣੇ ਹਸਪਤਾਲ ਵਿੱਚ 280 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਤ ਕੀਤਾ ਹੋਇਆ ਹੈ, ਜਦੋਂਕਿ ਅੱਜ ਇਕ ਹੋਰ 140 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਤ ਕਰ ਲਿਆ ਹੈ। ਇਸ ਤਰ੍ਹਾਂ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਪਹਿਲਾਂ ਜ਼ਿਲ੍ਹੇ ਦੀ ਆਕਸੀਜਨ ਉਤਪਾਦਨ ਦੀ ਸਮਰੱਥਾ ਵਿੱਚ 0.3 ਮੀਟ੍ਰਿਕ ਟਨ ਦਾ ਹੋਰ ਵਾਧਾ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਇਸੇ ਰਾਹ ਉੱਤੇ ਚੱਲਣਾ ਚਾਹੀਦਾ ਹੈ, ਜਿਸ ਨਾਲ ਇਹ ਸਿਹਤ ਸੰਭਾਲ ਸੰਸਥਾਵਾਂ ਜੇਕਰ ਸੰਭਾਵਤ ਤੀਜੀ ਲਹਿਰ ਆਉਂਦੀ ਹੈ ਤਾਂ ਉਸ ਦੌਰਾਨ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਓ2 ਲਈ ਸਵੈ-ਨਿਰਭਰ ਵਧੇਗੀ। ਇਸ ਤਰ੍ਹਾਂ ਅਜਿਹੇ ਪਲਾਂਟ ਸਥਾਪਤ ਕਰਨ ਨਾਲ ਹਸਪਤਾਲ ਨਾ ਸਿਰਫ਼ ਆਕਸੀਜਨ-ਸੁਤੰਤਰ ਹੋ ਜਾਣਗੇ ਸਗੋਂ ਭਵਿੱਖ ਵਿੱਚ ਜੇਕਰ ਸੰਭਾਵਿਤ ਤੀਜੀ ਲਹਿਰ ਆਉਂਦੀ ਹੈ ਤਾਂ ਉਹ ਆਪਣੇ ਮਰੀਜ਼ਾਂ ਦੀ ਬਿਨਾਂ ਕਿਸੇ ਰੁਕਾਵਟ ਤੋਂ ਗੁਣਵੱਤਾ ਭਰਪੂਰ ਦੇਖਭਾਲ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਅਸੀਂ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।