ਨਵਾਂਸ਼ਹਿਰ, 3 ਅਗਸਤ : ਜ਼ਹਿਰੀ ਕੀਟਨਾਸ਼ਕਾਂ ਯੁਕਤ ਖੇਤੀ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਲੋਕਾਂ ਅਤੇ ਕਿਸਾਨਾਂ ਵਿਚ ਕਾਫੀ ਜਾਗਰੂਕਤਾ ਆ ਰਹੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿਆਦਾਤਰ ਕਿਸਾਨਾਂ ਨੇ ਜੈਵਿਕ ਖੇਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਆਰਗੈਨਿਕ (ਜੈਵਿਕ) ਕਿਸਾਨਾਂ ਦੀ ਜ਼ਿਲਾ ਪੱਧਰੀ ਮੀਟਿੰਗ ਪੰਜਾਬ ਐਗਰੋ ਦੇ ਜ਼ਿਲਾ ਦਫ਼ਤਰ ਨਵਾਂਸ਼ਹਿਰ ਵਿਖੇ ਕੀਤੀ ਗਈ। ਇਸ ਮੌਕੇ ਜੈਵਿਕ ਪੈਦਾਵਾਰ ਤੇ ਉਤਪਾਦਾਂ ਦੇ ਮੰਡੀਕਰਨ, ਕਿਸਾਨ ਸੁਸਾਇਟੀ ਅਤੇ ਐਫ. ਪੀ. ਓ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਜ਼ਿਲਾ ਸੁਪਰਵਾਈਜ਼ਰ ਆਰਗੈਨਿਕ ਪ੍ਰਮਾਣੀਕਰਨ ਅਤੇ ਟਰੇਸਬਿਲਿਟੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੈਗਰੋਕਸਕੋ) ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ 100 ਏਕੜ ਦੇ ਕਰੀਬ ਰਕਬਾ ਪ੍ਰਮਾਣੀਕਰਨ ਅਧੀਨ ਰਜਿਸਟਰ ਕੀਤਾ ਗਿਆ ਹੈ, ਜਿਸ ਦਾ ਪ੍ਰਮਾਣੀਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਮਾਣੀਕਰਨ ਨਾਲ ਜਿਥੇ ਜੈਵਿਕ ਪੈਦਾਵਾਰ ਦਾ ਮਿਆਰ ਉੱਚਾ ਹੁੰਦਾ ਹੈ, ਉਥੇ 'ਪੈਗਰੋਕਸਕੋ' ਦੇ ਨੁਮਾਇੰੰਦਿਆਂ ਦੁਆਰਾ ਕੀਤਾ ਜਾਂਦਾ ਫੀਲਡ/ਖੇਤ ਨਿਰੀਖਣ ਅਤੇ ਤਕਨੀਕੀ ਸਹਾਇਤਾ ਵੀ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।
ਇਸ ਮੌਕੇ ਆਤਮਾ ਦੇ ਡਾਇਰੈਕਟਰ ਡਾ. ਕਮਲਦੀਪ ਸਿੰਘ ਸੰਘਾ ਵੱਲੋਂ ਜੈਵਿਕ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਹੁਸ਼ਿਆਰਪੁਰ ਦੀ ਤਰਜ਼ 'ਤੇ ਜ਼ਿਲੇ ਵਿਚ ਆਤਮਾ ਕਿਸਾਨ ਹੱਟ ਬਣਾਉਣ ਦੀ ਵੀ ਗੱਲ ਕੀਤੀ। ਉਨਾਂ ਦੱਸਿਆ ਕਿ ਆਤਮਾ ਵੱਲੋਂ ਹਮੇਸ਼ਾ ਹੀ ਜੈਵਿਕ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗਾ।
ਜ਼ਿਲਾ ਹੁਸ਼ਿਆਰਪੁਰ ਤੋਂ ਨੈਚੁਰਲ ਫਾਰਮਰ ਐਸੋਸੀਏਸ਼ਨ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਹੁਸ਼ਿਆਰਪੁਰ ਵਿਖੇ ਚੱਲ ਰਹੀ ਕਿਸਾਨ ਹੱਟ ਵਾਂਗ ਨਵਾਂਸ਼ਹਿਰ ਵਿਚ ਵੀ ਕਿਸਾਨ ਹੱਟ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਸਾਨ ਸੁਸਾਇਟੀ ਬਣਾਉਣ ਦੀ ਅਪੀਲ ਕੀਤੀ। ਅਧਿਕਾਰੀਆਂ ਦੁਆਰਾ ਦੱਸਿਆ ਗਿਆ ਕਿ ਜਲਦ ਹੀ ਇਥੇ ਜੈਵਿਕ ਮੰਡੀ ਦੀ ਸ਼ੁਰੂਆਤ ਕੀਤੀ ਜਾਵੇਗੀ।