ਨਵਾਂਸ਼ਹਿਰ 16 ਅਗਸਤ :- ਕਿਰਤੀ ਕਿਸਾਨ ਯੂਨੀਅਨ ਵਲੋਂ ਬੱਬਰ ਅਕਾਲੀ ਲਹਿਰ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਟਰੈਕਟਰ ਮਾਰਚ ਅਤੇ ਕਾਨਫਰੰਸ ਕੀਤੀ ਗਈ।ਟਰੈਕਟਰ ਮਾਰਚ ਬੱਬਰ ਕਰਮ ਸਿੰਘ ਝਿੰਗੜਾਂ ਦੇ ਪਿੰਡ ਝਿੰਗੜ ਤੋਂ ਸ਼ੁਰੂ ਹੋਕੇ ਬੱਬਰ ਮਾਸਟਰ ਦਲੀਪ ਸਿੰਘ ਗੋਸਲ ਦੇ ਪਿੰਡ ਗੋਸਲਾਂ ,ਬੰਗਾ ,ਨਵਾਂਸ਼ਹਿਰ ਅਤੇ ਹੋਰ ਪਿੰਡਾਂ ਤੋਂ ਹੁੰਦਾ ਹੋਇਆ ਬੱਬਰ ਕਰਮ ਸਿੰਘ ਐਡੀਟਰ ਦੇ ਪਿੰਡ ਦੌਲਤਪੁਰ ਵਿਖੇ ਪੁੱਜਾ।ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵਿਖੇ ਕਾਨਫਰੰਸ ਕੀਤੀ ਗਈ।ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ, ਬੱਬਰਾਂ ਦੀ ਰਾਜਸੀ ਲਾਈਨ, ਉਹਨਾਂ ਦੇ ਕੀਤੇ ਕੰਮ ਅਤੇ ਕੁਰਬਾਨੀਆਂ ਅਤੇ ਇਸ ਲਹਿਰ ਦੇ ਮਹੱਤਵ ਉੱਤੇ ਚਾਨਣਾ ਪਾਇਆ।ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਪਰਦੀਪ ਸਿੰਘ ਭੂਤਾਂ,ਟਰੱਸਟ ਦੇ ਖਜਾਨਚੀ ਜਸਪਾਲ ਸਿੰਘ ਜਾਡਲੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਅਤੇ ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲਹਿਰ ਦੇਸ਼ ਦੀ ਪੂਰਨ ਆਜਾਦੀ ਵਾਲੀ ਹਥਿਆਬੰਦ ਲਹਿਰ ਸੀ ਜਿਸਨੇ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।ਉਹਨਾਂ ਕਿਹਾ ਕਿ ਇਹ ਲਹਿਰ ਗਦਰ ਪਾਰਟੀ ਦੀ ਲਹਿਰ ਤੋਂ ਪ੍ਰਭਾਵਿਤ ਲਹਿਰ ਸੀ ਜਿਸ ਲਹਿਰ ਦੇ ਕਈ ਆਗੂ ਗਦਰ ਪਾਰਟੀ ਵਿਚੋਂ ਆਏ ਸਨ।ਅੱਜ ਵੀ ਇਸ ਲਹਿਰ ਤੋਂ ਰੋਸ਼ਨੀ ਲੈਣ ਦੀ ਲੋੜ ਹੈ ਅਤੇ ਅੱ ਦੇ ਕਿਸਾਨੀ ਘੋਲ ਲਈ ਇਸ ਵਿਚੋਂ ਬੜਾ ਕੁਝ ਸਿੱਖਿਆ ਜਾ ਸਕਦਾ ਹੈ।ਇਸ ਲਹਿਰ ਨਾਲ ਜੁੜੇ ਕਈ ਬੱਬਰਾਂ ਨੂੰ ਫਾਂਸੀ ਦੀਆਂ ਸਜਾਵਾਂ ਹੋਈਆਂ, ਬਰਤਾਨਵੀ ਪੁਲਸ ਨਾਲ ਮੁਕਾਬਲੇ ਹੋਏ, ਜੇਹਲਾਂ ਕੱਟੀਆਂ, ਕੁਰਕੀਆਂ ਕਰਵਾਈਆਂ ਪਰ ਹਕੂਮਤ ਦੀ ਈਨ ਨਹੀਂ ਮੰਨੀ।ਪਿੰਡ ਦੌਲਤਪੁਰ ਨੂੰ ਮਾਣ ਹੈ ਕਿ ਇਸ ਪਿੰਡ ਦੇ 6 ਬੱਬਰ ਅਕਾਲੀ ਹੋਏ।ਪਿੰਡ ਦੌਲਤਪੁਰ ਵਾਸੀਆਂ ਨੇ ਬੱਬਰਾਂ ਦਾ ਯਾਦਗਾਰੀ ਟਰੱਸਟ ਬਣਾਕੇ ਇਸ ਲਹਿਰ ਦੀਆਂ ਯਾਦਾਂ ਨੂੰ ਨਵੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ।ਇਸ ਮੌਕੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਗੁਰਦੀਪ ਸਿੰਘ ਦੇ ਢਾਡੀ ਜਥੇ ਨੇ ਬੱਬਰਾਂ ਦੀਆਂ ਵਾਰਾਂ ਵੀ ਪੇਸ਼ ਕੀਤੀਆਂ।ਇਸ ਮੌਕੇ ਕਸ਼ਮੀਰ ਸਿੰਘ ਸਰਪੰਚ, ਜਸਵੀਰ ਸਿੰਘ ਦੌਲਤਪੁਰ, ਪਰਵਿੰਦਰ ਸਿੰਘ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖਸ਼ ਕੌਰ ਸੰਘਾ, ਸੁਰਿੰਦਰ ਸਿੰਘ ਮਹਿਰਮ ਪੁਰ,ਜਗਤਾਰ ਸਿੰਘ ਜਾਡਲਾ, ਮਨਜੀਤ ਕੌਰ ਅਲਾਚੌਰ ਅਤੇ ਹੋਰ ਆਗੂ ਵੀ ਮੌਜੂਦ ਸਨ।
ਕੈਪਸ਼ਨ : ਕਾਨਫਰੰਸ ਦੀਆਂ ਤਸਵੀਰਾਂ।
ਕੈਪਸ਼ਨ : ਕਾਨਫਰੰਸ ਦੀਆਂ ਤਸਵੀਰਾਂ।