ਕਿਰਤੀ ਕਿਸਾਨ ਯੂਨੀਅਨ ਵਲੋਂ 15 ਅਗਸਤ ਨੂੰ ਬੱਬਰ ਅਕਾਲੀਆਂ ਨੂੰ ਸਮਰਪਿਤ ਟਰੈਕਟਰ ਮਾਰਚ ਕੱਢਣ ਦਾ ਐਲਾਨ

ਨਵਾਂਸ਼ਹਿਰ 11 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਕਿਰਤੀ ਕਿਸਾਨ ਯੂਨੀਅਨ 15 ਅਗਸਤ ਨੂੰ ਬੱਬਰ ਅਕਾਲੀ ਕਰਮ ਸਿੰਘ ਝਿੰਗੜ ਦੇ ਪਿੰਡ ਝਿੰਗੜਾਂ ਤੋਂ ਟਰੈਕਟਰਾਂ ਅਤੇ ਗੱਡੀਆਂ ਦਾ ਮਾਰਚ ਕੱਢਕੇ ਬੱਬਰ ਅਕਾਲੀ ਕਰਮ ਸਿੰਘ ਐਡੀਟਰ ਦੇ ਪਿੰਡ ਦੌਲਤ ਪੁਰ ਵਿਖੇ ਬੱਬਰ ਅਕਾਲੀ ਰਹਿਰ ਬਾਰੇ ਕਾਨਫਰੰਸ ਕਰੇਗੀ। ਇਹ ਫੈਸਲਾ ਅੱਜ ਯੂਨੀਅਨ ਦੀ ਨਵਾਂਸ਼ਹਿਰ ਵਿਖੇ ਕੀਤੀ ਗਈ ਜਿਲਾ ਪੱਧਰੀ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਯੂਨੀਅਨ ਦੀ ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਬੂਟਾ ਸਿੰਘ ਮਹਿਮੂਦ ਪੁਰ, ਸੁਰਿੰਦਰ ਸਿੰਘ ਸੋਇਤਾ, ਸੁਰਿੰਦਰ ਸਿੰਘ ਮਹਿਰਮਪੁਰ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਬੱਬਰ ਅਕਾਲੀਆਂ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ ਦੇਸ਼ ਵਾਸੀਆਂ ਨੂੰ ਅਜੇ ਅਸਲੀ ਆਜਾਦੀ ਪ੍ਰਾਪਤ ਨਹੀਂ ਹੋਈ।ਇਸ ਲਹਿਰ ਦਾ ਆਜਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਹੈ।ਬੱਬਰ ਕਰਮ ਸਿੰਘ ਝਿੰਗੜ ਅਤੇ ਬੱਬਰ ਕਰਮ ਸਿੰਘ ਦੌਲਤ ਪੁਰ ਬੱਬਰ ਅਕਾਲੀ ਲਹਿਰ ਦੇ ਸਿਰਕੱਢ ਆਗੂ ਸਨ।ਬੱਬਰ ਝਿੰਗੜ ਦੀ ਸ਼ਹਾਦਤ ਮੁਲਤਾਨ ਜੇਹਲ ਦੇ ਹਸਪਤਾਲ ਵਿਚ ਹੋਈ ਅਤੇ ਬੱਬਰ ਦੌਲਤ ਪੁਰ ਬੰਬੇਲੀ ਵਿਖੇ ਪੁਲਸ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ।ਬੱਬਰ ਅਕਾਲੀ ਦੇਸ਼ ਦੀ ਪੂਰਨ ਆਜਾਦੀ ਲਈ ਲੜੇ।ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਇਸ ਲਹਿਰ ਉੱਤੇ ਮਾਣ ਕਰਨਾ ਚਾਹੀਦਾ ਹੈ।ਇਹ ਲਹਿਰ ਸਾਡਾ ਮਾਣਯੋਗ ਵਿਰਸਾ ਹੈ। ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਤਿੱਖਾ ਸੰਘਰਸ਼ ਲੜਨ ਲਈ ਬੱਬਰ ਅਕਾਲੀ ਸਾਨੂੰ ਪ੍ਰੇਰਨਾ ਦਿੰਦੇ ਹਨ ਇਹ ਲਹਿਰ ਸਾਨੂੰ ਜਿੱਤ ਤੱਕ ਲੜਨ ਦਾ ਹੌਸਲਾ ਪ੍ਰਦਾਨ ਕਰਦੀ ਹੈ। ਉਹਨਾਂ ਨੇ ਕਿਸਾਨਾਂ ਅਤੇ ਦੂਸਰੇ ਵਰਗਾਂ ਨੂੰ 15 ਅਗਸਤ ਦੇ ਇਸ ਕਾਫਲੇ ਵਿਚ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।ਇਸ ਮੀਟਿੰਗ ਵਿਚ ਮਨਜੀਤ ਕੌਰ ਅਲਾਚੌਰ, ਸਾਧੂ ਸਿੰਘ ਚੂਹੜ ਪੁਰ, ਬਚਿੱਤਰ ਸਿੰਘ ਮਹਿਮੂਦ ਪੁਰ,ਬਲਜਿੰਦਰ ਸਿੰਘ ਸਹਿਬਾਜ ਪੁਰ, ਜਗਤਾਰ ਸਿੰਘ ਜਾਡਲਾ ਅਤੇ ਹੋਰ ਆਗੂ ਵੀ ਮੌਜੂਦ ਸਨ।
ਕੈਪਸ਼ਨ : 15 ਅਗਸਤ ਦੇ ਮਾਰਚ ਸਬੰਧੀ ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਰਕਰ।