ਪੰਜਾਬ ਸਰਕਾਰ ਵੱਲੋਂ ਵਧਾਈ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਪਟਿਆਲਾ ਜ਼ਿਲ੍ਹੇ ਦੇ 1.98 ਲੱਖ ਲਾਭਪਾਤਰੀਆਂ ਨੂੰ ਮਿਲੇਗਾ ਲਾਭ-ਕੇ.ਕੇ. ਸ਼ਰਮਾ

-ਪਟਿਆਲਾ ਜ਼ਿਲ੍ਹੇ 'ਚ ਲਾਭਪਾਤਰੀਆਂ ਨੂੰ ਮਿਲੇਗੀ 29.74 ਕਰੋੜ ਰੁਪਏ ਦੀ ਪੈਨਸ਼ਨ= ਕੁਮਾਰ ਅਮਿਤ
ਪਟਿਆਲਾ, 31 ਅਗਸਤ:
ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਮਹੀਨਾਵਾਰ ਪੈਨਸ਼ਨ 750 ਦੀ ਥਾਂ ਹੁਣ 1500 ਕਰ ਦਿੱਤੀ ਗਈ ਹੈ, ਜਿਸ ਨਾਲ ਪਟਿਆਲਾ ਜ਼ਿਲ੍ਹੇ ਦੇ 1.98 ਲੱਖ ਲਾਭਪਾਤਰੀਆਂ ਨੂੰ 1 ਜੁਲਾਈ 2021 ਤੋਂ ਇਸ ਵਾਧੇ ਦਾ ਲਾਭ ਮਿਲੇਗਾ। ਇਹ ਪ੍ਰਗਟਾਵਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਕੀਤਾ।
ਉਹ ਇੱਥੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਸਮਾਰੋਹ ਦੀ ਆਨ ਲਾਈਨ ਪ੍ਰਧਾਨਗੀ ਕੀਤੇ ਜਾਣ ਮੌਕੇ ਸ਼ਮੂਲੀਅਤ ਕਰਨ ਬਾਅਦ ਪਟਿਆਲਾ ਸ਼ਹਿਰੀ ਹਲਕੇ ਦੇ 50 ਦੇ ਕਰੀਬ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇ ਚੈਕ ਵੰਡ ਰਹੇ ਸਨ। ਇਸ ਮੌਕੇ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਇਸ ਨਵੀਂ ਵਧੀ ਹੋਈ ਪੈਨਸ਼ਨ 'ਤੇ ਪੰਜਾਬ ਸਰਕਾਰ, 4800 ਕਰੋੜ ਰੁਪਏ ਦਾ ਸਾਲਾਨਾ ਖ਼ਰਚਾ ਕਰੇਗੀ। ਜਦਕਿ ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਰੀਬਾਂ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਪੂਰਾ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 1 ਲੱਖ 98 ਹਜ਼ਾਰ 234 ਲਾਭਪਾਤਰੀਆਂ ਨੂੰ 29 ਕਰੋੜ 73 ਲੱਖ 51 ਹਜ਼ਾਰ ਰੁਪਏ ਦੀ ਪੈਨਸ਼ਨ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੁਢਾਪਾ ਪੈਨਸ਼ਨ ਦੇ 1 ਲੱਖ 34 ਹਜ਼ਾਰ 777 ਲਾਭਪਾਤਰੀ ਹਨ, ਜਿਨ੍ਹਾਂ ਨੂੰ ਹਰ ਮਹੀਨੇ 20 ਕਰੋੜ 21 ਲੱਖ 65 ਹਜ਼ਾਰ 500 ਰੁਪਏ ਦੀ ਪੈਨਸ਼ਨ ਮਿਲਦੀ ਹੈ। ਜਦੋਂਕਿ 35,896 ਵਿਧਵਾਵਾਂ ਨੂੰ 5 ਕਰੋੜ 38 ਲੱਖ 44,000 ਰੁਪਏ, 11,393 ਆਸ਼ਰਿਤ ਬੱਚਿਆਂ ਨੂੰ 1 ਕਰੋੜ 70 ਲੱਖ 89,500 ਰੁਪਏ, 16,168 ਦਿਵਿਆਂਗ ਲਾਭਪਾਤਰੀਆਂ ਨੂੰ 2 ਕਰੋੜ 42 ਲੱਖ 52 ਹਜ਼ਾਰ ਰੁਪਏ ਦੀ ਪੈਨਸ਼ਨ ਰਾਸ਼ੀ ਵੰਡੀ ਜਾਂਦੀ ਹੈ।
ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਸਮਾਰੋਹ ਮੌਕੇ ਪਟਿਆਲਾ ਸ਼ਹਿਰੀ ਹਲਕੇ ਦੇ 54 ਲਾਭਪਾਤਰੀਆਂ ਨੂੰ ਚੈਕ ਤਕਸੀਮ ਕੀਤੇ ਗਏ। ਜਦੋਂਕਿ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਹੋਏ ਸਮਾਰੋਹਾਂ ਦੌਰਾਨ ਅੱਜ ਕੁਲ 1600 ਲਾਭਪਾਤਰੀਆਂ ਨੂੰ ਹਲਕਾ ਵਿਧਾਇਕਾਂ ਤੇ ਹੋਰ ਆਗੂਆਂ ਵੱਲੋਂ ਵਧੀ ਹੋਈ ਪੈਨਸ਼ਨ ਤਕਸੀਮ ਕੀਤੀ ਗਈ। ਜਦੋਂਕਿ ਬਾਕੀ ਲਾਭਪਾਤਰੀਆਂ ਦੀ ਪੈਨਸ਼ਨ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਹੈ।
ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਪੰਜਾਬ ਲਾਰਜ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਚੇਅਰਮੈਨ ਜਸਵੀਰ ਇੰਦਰ ਸਿੰਘ ਢੀਂਡਸਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਯੂ.ਟੀ. ਆਈ.ਏ.ਐਸ.) ਚੰਦਰ ਜੋਤੀ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਿਰਨ ਸ਼ਰਮਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ, ਸੀ.ਡੀ.ਪੀ.ਓ. ਰੇਖਾ ਰਾਣੀ, ਸੁਪਰਵਾਈਜਰ ਜਸਵੀਰ ਕੌਰ, ਅਭਿਜੀਤ ਕੌਰ, ਸਮਜਿਕ ਸੁਰੱਖਿਆ ਵਿਭਾਗ ਤੋਂ ਮਨਮੋਹਨਜੀਤ ਕੌਰ, ਦੀਪਿਕਾ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।