ਇਸਤਰੀ ਜਾਗ੍ਰਿਤੀ ਮੰਚ ਵਲੋਂ 'ਕੰਟ੍ਰੈਕਟ ਮੈਰਿਜ'ਉੱਤੇ ਸੈਮੀਨਾਰ 18 ਅਗਸਤ ਨੂੰ

ਨਵਾਂ ਸ਼ਹਿਰ 10 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਇਸਤਰੀ ਜਾਗ੍ਰਿਤੀ ਮੰਚ ਵਲੋਂ 18 ਅਗਸਤ ਨੂੰ ਸਵੇਰੇ 10 ਵਜੇ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ 'ਕੰਟ੍ਰੈਕਟ ਵਿਆਹ' ਵਿਸ਼ੇ ਉੱਤੇ ਸੈਮੀਨਾਰ ਕੀਤਾ ਜਾਵੇਗਾ। ਇਸ ਸਬੰਧੀ ਅੱਜ ਜਥੇਬੰਦੀ ਦੀ ਇੱਥੇ ਮੀਟਿੰਗ ਹੋਈ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਗੁਰਬਖਸ਼ ਕੌਰ ਸੰਘਾ, ਜਿਲਾ ਸਕੱਤਰ ਰੁਪਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਕਾਰਨ ਕੰਟ੍ਰੈਕਟ ਵਿਆਹਾਂ ਦਾ ਰਿਵਾਜ ਤੇਜੀ ਨਾਲ ਜੋਰ ਫੜ ਰਿਹਾ ਹੈ ਜਿਸ ਕਾਰਨ ਅਜਿਹੇ ਵਿਆਹਾਂ ਦੇ ਬੰਧਨ ਵਿਚ ਬੱਝੇ ਕੁੜੀਆਂ ਮੁੰਡਿਆਂ ਵਿਚ ਨਵੇਂ ਅਤੇ ਅਨੋਖੇ ਤਰ੍ਹਾਂ ਦੇ ਝਗੜੇ ਜਨਮ ਲੈ ਰਹੇ ਹਨ।ਅਜਿਹੇ ਸਮੇਂ ਵਿਚ ਸਮਾਜ ਨੂੰ ਬਹੁਤ ਹੀ ਚੇਤਨ ਹੋਣ ਦੀ ਲੋੜ ਹੈ। ਤਾਜਾ ਸਮੇਂ ਵਿਚ ਇਹੋ ਜਿਹੇ ਕਈ ਮਾਮਲੇ ਉੱਭਰ ਕੇ ਸਾਹਮਣੇ ਆਏ ਹਨ।ਉਹਨਾਂ ਕਿਹਾ ਕਿ ਇਸਤਰੀ ਜਾਗ੍ਰਿਤੀ ਮੰਚ ਸਮਝਦਾ ਹੈ ਕਿ ਇਸ ਵਿਸ਼ੇ ਦੀਆਂ ਬਹੁਪੱਖੀ ਪਰਤਾਂ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਹਨ ਜਿਸ ਕਾਰਨ ਇਹ ਸੈਮੀਨਾਰ ਰੱਖਿਆ ਗਿਆ ਹੈ। ਇਹ ਸੱਚ ਹੈ ਕਿ ਪਿੱਤਰਸੱਤਾ ਵਾਲੇ ਸਮਾਜ ਵਿਚ ਔਰਤਾਂ ਅਤੇ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚੋਂ ਲੰਘਣਾਂ ਪੈ ਰਿਹਾ ਹੈ । ਅਖਬਾਰਾਂ ਵਿਚ ਕੰਟਰੈਕਟ ਵਿਆਹਾਂ ਦੇ ਵੱਡੀ ਪੱਧਰ ਉੱਤੇ ਅਤੇ ਸ਼ਰੇਆਮ ਇਸ਼ਤਿਹਾਰ ਛੱਪ ਰਹੇ ਹਨ ਪਰ ਕਿਸੇ ਵੀ ਸਰਕਾਰ ਕੋਲ ਇੱਧਰ ਧਿਆਨ ਦੇਣ ਦਾ ਸਮਾਂ ਨਹੀਂ ਹੈ। ਅਜਿਹੇ ਦੌਰ ਵਿਚ ਇਸਤਰੀ ਜਾਗ੍ਰਿਤੀ ਮੰਚ ਨੂੰ ਕੋਈ ਸਾਰਥਿਕ ਦਿਸ਼ਾ ਤੈਅ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਔਰਤਾਂ, ਲੜਕੀਆਂ ਇੱਥੋਂ ਤੱਕ ਕਿ ਨਾਬਾਲਗ ਲੜਕੀਆਂ ਨਾਲ ਜਬਰ ਜਿਨਾਹ ਹੋ ਰਹੇ ਹਨ, ਕਈ ਮਾਮਲਿਆਂ ਵਿਚ ਬਲਾਤਕਾਰ ਉਪਰੰਤ ਕਤਲ ਕਰ ਦਿੱਤੇ ਜਾਂਦੇ ਹਨ ਪਰ ਪੀੜਤਾਂ ਨੂੰ ਇਨਸਾਫ਼ ਵੀ ਨਹੀਂ ਮਿਲਦਾ। ਮੌਜੂਦਾ ਸਮਾਜਿਕ-ਆਰਥਿਕ ਪ੍ਰਬੰਧ ਦੇ ਪ੍ਰਭਾਵਸ਼ਾਲੀ ਅੰਗ ਔਰਤ ਵਰਗ ਦੇ ਵਿਰੁੱਧ ਲਾਮਬੰਦ ਹੋ ਜਾਂਦੇ ਹਨ। ਅਜਿਹੀਆਂ ਵਧੀਕੀਆਂ ਦਾ ਟਾਕਰਾ ਕਰਨ ਲਈ ਔਰਤਾਂ ਨੂੰ ਜਥੇਬੰਦੀ ਦੀ ਮਜਬੂਤ ਲੜੀ ਵਿਚ ਪ੍ਰੋਏ ਜਾਣਾ ਜਰੂਰੀ ਹੈ ਅਤੇ ਜਥੇਬੰਦੀ ਨੂੰ ਸੰਘਰਸ਼ਾਂ ਦੀ ਪਾਣ ਚਾੜਨਾ ਵੀ ਜਰੂਰੀ ਹੈ। ਭਾਵੇਂ ਸਮਾਜ ਦੇ ਬਹੁਤ ਤਰੱਕੀ ਕਰ ਲਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਮਾਜ ਦੀ ਅੱਧੀ ਅਬਾਦੀ ਔਰਤ ਵਰਗ ਅੱਜ ਵੀ ਮੱਧਯੁੱਗੀ ਜਬਰ ਨਾਲ ਨਪੀੜੀ ਜਾ ਰਹੀ ਹੈ।ਔਰਤ ਵਰਗ ਨੂੰ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਆਪ ਇਕੱਠੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਇਸ ਸੈਮੀਨਾਰ ਵਿਚ ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਜਿਲਿਆਂ ਦੀਆਂ ਔਰਤਾਂ ਭਾਗ ਲੈਣਗੀਆਂ। ਇਸ ਸੈਮੀਨਾਰ ਦੀ ਤਿਆਰੀ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਮੀਟਿੰਗਾਂ ਕਰਾਉਣ ਦੇ ਵੀ ਪ੍ਰੋਗਰਾਮ ਤੈਅ ਕੀਤੇ ਗਏ।ਇਸ ਮੀਟਿੰਗ ਵਿਚ ਹਰਬੰਸ ਕੌਰ, ਸੰਤੋਸ਼ ਕੁਮਾਰੀ,ਸੁਦੇਸ਼ ਕੁਮਾਰੀ,ਕਿਰਨ,ਬਲਜਿੰਦਰ ਕੌਰ, ਊਸ਼ਾ ਅਤੇ ਬਲਵਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ : ਮੀਟਿੰਗ ਵਿਚ ਸ਼ਾਮਲ ਇਸਤਰੀ ਜਾਗ੍ਰਿਤੀ ਮੰਚ ਦੀਆਂ ਆਗੂ।