ਐਸ.ਟੀ.ਐਫ ਪਟਿਆਲਾ ਰੇਂਜ ਵੱਲੋਂ ਤਿੰਨ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਪਟਿਆਲਾ, 18 ਅਗਸਤ: ਸਪੈਸ਼ਲ ਟਾਸਕ ਫੋਰਸ, ਪੰਜਾਬ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖ਼ਿਲਾਫ਼ ਲਗਾਤਾਰ ਵਿੱਢੀ ਮੁਹਿੰਮ ਤਹਿਤ ਏਡੀਜੀਪੀ ਐਸ.ਟੀ.ਐਫ ਹਰਪ੍ਰੀਤ ਸਿੰਘ ਸਿੰਘ ਸਿੱਧੂ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਟੀ.ਐਫ ਟੀਮ ਪਟਿਆਲਾ ਰੇਂਜ ਨੂੰ ਨਸ਼ੇ ਦੀ ਸਪਲਾਈ ਲਾਇਨ ਤੋੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਸਬੰਧੀ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ ਪਟਿਆਲਾ ਰੇਂਜ,ਪਟਿਆਲਾ ਅਤੇ ਸ੍ਰੀ ਸੁਖ ਅੰਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ,ਐਸ.ਟੀ.ਐਫ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17.08.2021 ਨੂੰ ਐਸ.ਟੀ.ਐਫ ਟੀਮ ਪਟਿਆਲਾ ਦੇ ਥਾਣੇਦਾਰ ਜਗਦੇਵ ਸਿੰਘ ਨੂੰ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਹੋਰ ਕਰਮਚਾਰੀਆਂ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਕਿੱਲੋਗਰਾਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਹਿਚਾਣ ਤੂਫ਼ਾਨ ਪੁੱਤਰ ਗੌਰੀ ਲਾਲ ਵਾਸੀ ਪਾਲੀਆ ਖੇੜੀ ਥਾਣਾ ਭਵਾਨੀ ਮੰਡੀ ਜ਼ਿਲ੍ਹਾ ਜਲਾਵੜ (ਰਾਜਸਥਾਨ) ਵਜੋਂ ਹੋਈ ਹੈ। ਦੋਸ਼ੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰਕੇ ਇਸ ਦੇ ਖ਼ਿਲਾਫ਼ ਮੁਕੱਦਮਾ ਨੰਬਰ:137 ਮਿਤੀ 17.08.2021 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਐਸ.ਟੀ.ਐਫ ਵਿਖੇ ਦਰਜ ਰਜਿਸਟਰਡ ਕਰਵਾਇਆ ਗਿਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਤੇ ਇਸ ਸਬੰਧੀ ਹੋਰ ਤੱਥ ਉਜਾਗਰ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ।