ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮਠਿਆਈਆਂ ਦੀਆਂ ਦੁਕਾਨਾਂ ਤੇ ਸਟੋਰਾਂ ਦੀ ਵਿਸ਼ੇਸ਼ ਜਾਂਚ

ਜਾਂਚ ਟੀਮ ਵਲੋਂ ਮਠਿਆਈਆਂ ਦੇ ਲਏ ਗਏ ਛੇ ਸੈਂਪਲ-ਸਹਾਇਕ ਕਮਿਸ਼ਨਰ ਫੂਡ

ਫੂਡ ਬਿਜਨੈਸ ਅਪਰੇਟਰਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦੀਆਂ ਹਦਾਇਤਾਂ

ਕਪੂਰਥਲਾ 21 ਅਗਸਤ 2021 :  (ਵਿਸ਼ੇਸ਼ ਬਿਊਰੋ )  ਸ੍ਰੀ ਕੁਮਾਰ ਰਾਹੁਲ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ, ਕਪੂਰਥਲਾ ਦੀਆਂ ਹਦਾਇਤਾਂ 'ਤੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਹਾਇਕ ਕਮਿਸ਼ਨਰ ਹਰਜੋਤ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਸ੍ਰੀ ਮੁਕੁਲ ਗਿੱਲ ਫੂਡ ਸੁਰੱਖਿਆ ਅਫ਼ਸਰ ਸ਼ਾਮਿਲ ਸਨ ਵਲੋਂ ਫੂਡ ਬਿਜਨੈਸ ਅਪਰੇਟਰਾਂ ਖਾਸ ਕਰਕੇ ਮਠਿਆਈ ਦੀਆਂ ਦੁਕਾਨਾਂ ਅਤੇ ਮਠਿਆਈ ਸਟੋਰਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਜਾਂਚ ਦੌਰਾਨ ਜਾਂਚ ਟੀਮ ਵਲੋਂ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਖੋਆ ਆਪਣੀਆਂ ਦੁਕਾਨਾਂ ਵਿੱਚ ਹੀ ਤਿਆਰ ਕੀਤਾ ਜਾਵੇ ਕਿਉਂਕਿ ਜੋ ਖੋਇਆ ਦੂਜੇ ਜਿਲਿ੍ਹਆਂ ਤੋਂ ਮੰਗਵਾਇਆ ਜਾਂਦਾ ਹੈ ਬਹੁਤ ਹੀ ਘਟੀਆ ਕਿਸਮ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਠਿਆਈਆਂ ਉਨੀਆਂ ਹੀ ਬਣਾਈਆਂ ਜਾਣ ਜਿੰਨੀਆਂ ਵਿਕ ਜਾਣ ਅਤੇ ਮਠਿਆਈਆਂ ਦੇ ਭੰਡਾਰ ਨੂੰ ਉਚਿੱਤ ਤਾਪਮਾਨ ਵਿੱਚ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਠਿਆਈਆਂ ਦੀ ਸਜਾਵਟ ਲਈ ਨਕਲੀ ਰੰਗਾਂ ਦੀ ਵਰਤੋਂ ਨਾ ਕੀਤੀ ਜਾਵੇ , ਜੇਕਰ ਅਜਿਹੇ ਰੰਗਾਂ ਦੀ ਵਰਤੋਂ ਕੀਤੀ ਜਾਣੀ ਹੈ ਤਾਂ ਮਨਜ਼ੂਰਸ਼ੁਦਾ ਰੰਗਾਂ ਦੀ ਲੋੜੀਂਦੀ ਮਾਤਰਾ ਵਿੱਚ ਜਿਵੇਂ 100 ਕਿਲੋ ਮਠਿਆਈ ਲਈ 20 ਗਰਾਮ ਰੰਗ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮਠਿਆਈਆਂ ਦੀ ਕੋਟਿੰਗ ਕਰਨ ਲਈ ਸਿਵਲਰ ਪੱਤੇ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਅਲਮੂਨੀਅਮ ਦੀ ਵਰਤੋਂ ਕੈਂਸਰ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਹਾਇਕ ਕਮਿਸ਼ਨਰ ਫੂਡ ਨੇ ਅੱਗੇ ਦੱਸਿਆ ਕਿ ਅੱਜ ਬਰਫ਼ੀ, ਕਲਾਕੰਦ, ਗੁਲਾਬ ਜਾਮਨ, ਮਿਲਕ ਪਨੀਰ ਅਤੇ ਸਰਸੋਂ ਤੇਲ ਦੇ ਛੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਨਾਂ ਸੈਂਪਲਾਂ ਨੂੰ ਸੀਲ ਕਰਕੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਖਰੜ,ਮੁਹਾਲੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ 'ਤੇ ਦੋਸੀਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫੂਡ ਬਿਜਨੈਸ ਮੈਨਾਂ ਨੂੰ ਕੋਵਿਡ ਪ੍ਰੋਟੋਕਾਲ ਜਿਸ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣਾ, ਮਾਸਕ ਪਾਉਣਾ, ਹੱਥ ਸੈਨੀਟਾਈਜ਼/ਧੋਣਾ ਅਤੇ ਹੋਰ ਜਰੂਰੀ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਸਹਾਇਕ ਕਮਿਸ਼ਨਰ ਫੂਡ ਨੇ ਫੂਡ ਬਿਜਨੈਸ ਅਪਰੇਟਰਾਂ ਖਾਸ ਕਰਕੇ ਮਠਿਆਈ ਅਤੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਲੋਕਾਂ ਲਈ ਸਾਫ਼ ਸੁਥਰੀਆਂ, ਮਿਆਰੀ ਅਤੇ ਸਿਹਤਮੰਦ ਮਠਿਆਈਆਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਰੱਖੜੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਸਕੇ।