ਸੰਸਕ੍ਰਿਤ ਭਾਸ਼ਾ ਦਾ ਗੌਰਵ ਅੱਜ ਵੀ ਕਾਇਮ ਹੈ- ਪ੍ਰੋ. ਦੇਵ ਦੱਤ ਭੱਟੀ

ਭਾਸ਼ਾ ਵਿਭਾਗ ਨੇ ਕਰਵਾਇਆ ਸੰਸਕ੍ਰਿਤ ਦਿਵਸ ਸਮਾਰੋਹ
ਪਟਿਆਲਾ, 23 ਅਗਸਤ: ਭਾਸ਼ਾ ਵਿਭਾਗ, ਪੰਜਾਬ ਨੇ ਡਾਇਰੈਕਟਰ ਕਰਮਜੀਤ ਕੌਰ ਦੀ ਅਗਵਾਈ ਹੇਠ ਇੱਥੇ ਭਾਸ਼ਾ ਭਵਨ ਵਿਖੇ ਸੰਸਕ੍ਰਿਤ ਦਿਵਸ ਸਮਾਰੋਹ ਕਰਵਾਇਆ। ਇਸ ਮੌਕੇ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪ੍ਰੋ. ਦੇਵ ਦੱਤ ਭੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੰਸਕ੍ਰਿਤ ਭਾਸ਼ਾ ਦੀ ਅਮੀਰੀ ਅਤੇ ਗੌਰਵ ਉਪਰ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਦਾ ਗੌਰਵ ਅੱਜ ਵੀ ਕਾਇਮ ਹੈ।
ਉੱਘੇ ਵਿਦਵਾਨ ਅਤੇ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ. ਮਹੇਸ਼ ਗੌਤਮ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਰਕਾਰੀ ਮਹਿੰਦਰ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ. ਕੰਵਲਜੀਤ ਕੌਰ ਨੇ 'ਆਧੁਨਿਕ ਯੁੱਗ ਮੇਂ ਸੰਸਕ੍ਰਿਤ ਭਾਸ਼ਾ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ।ਵਿਭਾਗ ਦੇ ਡਾਇਰੈਕਟਰ, ਸ੍ਰੀਮਤੀ ਕਰਮਜੀਤ ਕੌਰ ਨੇ 'ਜੀ ਆਇਆਂ ਆਖਦਿਆਂ ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਜ਼ਿਕਰ ਕੀਤਾ।
ਵਿਸ਼ੇਸ਼ ਮਹਿਮਾਨ ਨਵੋਦਿਆ ਵਿਦਿਆਲਿਆ ਭਾਰਤ ਸਰਕਾਰ ਦੇ ਸਾਬਕਾ ਡਿਪਟੀ ਕਮਿਸ਼ਨਰ ਡਾ. ਮੋਹਨ ਲਾਲ ਸ਼ਰਮਾ ਨੇ ਸੰਸਕ੍ਰਿਤ ਭਾਸ਼ਾ ਦੀ ਪ੍ਰਾਚੀਨਤਾ ਦੀ ਗੱਲ ਕਰਨ ਦੇ ਨਾਲ-ਨਾਲ ਦੂਸਰੀਆਂ ਭਾਰਤੀ ਭਾਸ਼ਾਵਾਂ ਉਪਰ ਇਸ ਭਾਸ਼ਾ ਦੇ ਪ੍ਰਭਾਵ ਬਾਰੇ ਵਿਸਤਾਰ ਵਿਚ ਜ਼ਿਕਰ ਕੀਤਾ। ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਵੀ ਸੰਸਕ੍ਰਿਤ ਭਾਸ਼ਾ ਦੀ ਸਮਰਿਧੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਮਹੇਸ਼ ਗੌਤਮ ਨੇ ਭਾਸ਼ਾ ਵਿਭਾਗ ਦੀ ਸ਼ਲਾਘਾ ਕਰਦਿਆਂ ਇਹ ਸਮਾਗਮ ਕਰਵਾਉਣ ਲਈ ਵਧਾਈ ਦੇਣ ਦੇ ਨਾਲ-ਨਾਲ ਸੰਸਕ੍ਰਿਤ ਭਾਸ਼ਾ ਦੀ ਪ੍ਰਾਚੀਨਤਾ ਅਤੇ ਗੌਰਵ ਨੂੰ ਕਾਇਮ ਰੱਖਣ ਲਈ ਬੁਨਿਆਦੀ ਪੱਧਰ 'ਤੇ ਇਸ ਦੇ ਵਧੇਰੇ ਪ੍ਰਚਾਰ ਉਪਰ ਜ਼ੋਰ ਦਿੱਤਾ।
ਪੰਜਾਬੀ ਸਾਹਿਤ ਰਤਨ ਸ. ਰਤਨ ਸਿੰਘ ਜੱਗੀ ਨੇ  ਸੰਸਕ੍ਰਿਤ  ਭਾਸ਼ਾ ਦੀ ਵਿਲੱਖਣਤਾ ਤੇ ਪ੍ਰਾਚੀਨਤਾ ਦੀ ਗੱਲ ਕਰਨ ਦੇ ਨਾਲ-ਨਾਲ ਸੰਸਕ੍ਰਿਤ  ਤੇ ਚਾਨਣਾ ਪਾਇਆ। ਸਾਬਕਾ ਡਾਇਰੈਕਟਰ ਰਛਪਾਲ ਸਿੰਘ ਗਿੱਲ ਨੇ ਪ੍ਰਧਾਨਗੀ ਮੰਡਲ ਵਿਚ ਸ਼ਮੂਲੀਅਤ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ।ਸਟੇਜ ਸੰਚਾਲਨ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਨਿਭਾਇਆ। ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਧੰਨਵਾਦ ਕੀਤਾ।ਇਸ ਮੌਕੇ ਮਨਮੋਹਨ ਸਹਿਗਲ, ਸੁਰਜੀਤ ਸਿੰਘ ਭੱਟੀ, ਡਾ. ਗੁਰਸ਼ਰਨ ਕੌਰ ਜੱਗੀ ਸ੍ਰੋਮਣੀ ਸਾਹਿਤਕਾਰਾਂ ਤੋਂ ਇਲਾਵਾ ਹਰਜੀਤ ਕੌਰ ਵਾਲੀਆ ਤੇ ਸੁਸ਼ਮਾ ਰਾਣੀ ਅਤੇ  ਹੋਰ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ।
ਬਾਹਰੋਂ ਆਏ ਸੰਸਕ੍ਰਿਤ ਆਚਾਰਯ ਅਤੇ  ਕਵੀਆਂ ਨੇ ਸਲੋਕ ਉਚਾਰਨ/ ਕਵਿਤਾ ਪਾਠ ਉਚਾਰਨ  ਕੀਤੇ, ਜਿਨ੍ਹਾਂ  ਵਿਚ ਵੀਰੇਂਦਰ ਕੁਮਾਰ, ਓਮਨਦੀਪ, ਨਿਗਮ ਸਵਰੂਪ, ਕਪਿਲ ਦੇਵ, ਕਨ੍ਹਈਆ ਲਾਲ ਪਰਾਸ਼ਰ, ਮੈਡਮ ਗਰਿਮਾ ਤੇ ਵੀਰਵੰਤ ਕੁਮਾਰ ਆਦਿ ਸ਼ਾਮਿਲ ਹੋਏ।ਸ਼ੁਰੂ 'ਚ ਵਿਭਾਗੀ ਧੁਨੀ ਤੇ ਸਾਈਂ ਮਾਡਲ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਅਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਦੋ ਵਿਦਿਆਰਥਣਾਂ ਨੇ ਮੰਗਲਾ ਚਰਣ ਦਾ ਉਚਾਰਨ ਕੀਤਾ।