ਸਵੈ ਸਹਾਇਤਾ ਸਮੂਹ ਪਿੰਡਾਂ ਵਿਚ ਆਪਣੇ ਪੱਧਰ ਉਤੇ ਸੇਵਾ ਕੇਂਦਰ’ ਖੋਲਣ-ਵਧੀਕ ਡਿਪਟੀ ਕਮਿਸ਼ਨਰ

ਸਮੂਹ ਦੀਆਂ ਮੈਂਬਰਾਂ ਨੂੰ ਮੁਫ਼ਤ ਵੰਡੀਆਂ ਗਈਆਂ ਬਾਇਓਮੈਟ੍ਰਿਕ ਡਿਵਾਇਸਾਂ
 ਅੰਮ੍ਰਿਤਸਰ, 18 ਅਗਸਤ -ਵਧੀਕ ਡਿਪਟੀ ਕਮਿਸ਼ਨਰ ਵਿਕਸਾ ਸ੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ ਅਤੇ ਇਸ ਮਿਸ਼ਨ ਅਧੀਨ ਦਿਹਾਤੀ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ੍ਹ ਕੇ ਸਵੈ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਪਿੰਡ ਪੱਧਰ 'ਤੇ ਆਪਣੇ ਸੇਵਾ ਕੇਂਦਰ ਸਥਾਪਿਤ ਕਰ ਸਕਦੇ ਹਨ। ਇਹਨ੍ਹਾਂ ਸੇਵਾ ਕੇਂਦਰਾਂ ਵਿੱਚ ਪੈਨਸ਼ਨ, ਬਿਜਲੀ ਬਿੱਲ, ਫੋਨ ਰਿਚਾਰਜ,ਬੀਮਾ ਕਾਰਡ,ਹਵਾਈ ਟਿਕਟਾਂ ਆਦਿ ਵਰਗੇ ਕੰਮ ਪਿੰਡ ਪੱਧਰ 'ਤੇ ਕੀਤੇ ਜਾ ਸਕਦੇ ਹਨ। ਇਸ ਨਾਲ ਪਿੰਡ ਦੇ ਲੋਕਾਂ ਨੂੰ ਹਰ ਸੇਵਾ ਪਿੰਡ ਪੱਧਰ ਤੇ ਮਿਲ ਜਾਂਦੀ ਹੈ ਅਤੇ ਸਵੈ ਸਹਾਇਤਾ ਸਮੂਹ ਦੇ ਮੈਂਬਰ ਜੋ ਸੇਵਾ ਕੇਂਦਰ ਚਲਾ ਰਹੇ ਹਨ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਉਨਾਂ ਦੱਸਿਆ ਕਿ ਅੱਜ ਇਸ ਮਿਸ਼ਨ ਤਹਿਤ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਿਲ੍ਹਾ ਅੰਮ੍ਰਿਤਸਰ ਵਿਖੇ ਕਾਮਨ ਸਰਵਿਸ ਸੈਂਟਰ ਸਬੰਧੀ ਟਰੇਨਿੰਗ ਕਰਵਾਈ ਗਈ, ਜਿਸ ਵਿੱਚ ਪੇਂਡੂ ਖੇਤਰ ਦੀਆਂ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਜੋ ਪੜ੍ਹੀਆਂ ਲਿਖੀਆ ਹਨ, ਪਰ ਬੇਰੁਜ਼ਗਾਰ ਹਨ ਨੂੰ ਜਿਲ੍ਹਾ ਇੰਚਾਰਜ ਕਾਮਨ ਸਰਵਿਸ ਸੈਂਟਰ ਸ਼੍ਰੀ ਦਿਨੇਸ ਸ਼ਰਮਾ ਵੱਲੋ ਟ੍ਰੇਨਿੰਗ ਦਿੱਤੀ ਗਈ।    ਇਸ ਟ੍ਰੇਨਿੰਗ ਦੌਰਾਨ ਅਵਨੀਤ ਲਿਖਾਰੀ ਗੁਲਾਬ ਸਵੈ ਸਹਾਇਤਾ ਸਮੂਹ ਦੀ ਮੈਂਬਰ ਬਲਾਕ ਵੇਰਕਾ ਦੁਆਰਾ ਆਪਣੀ ਸਫਲਤਾ ਦੀ ਕਹਾਣੀ ਵੀ ਦੱਸੀ ਗਈ ਜੋ ਪਹਿਲਾਂ ਤੋ ਸੇਵਾ ਕੇਂਦਰ ਚਲਾ ਰਹੀ ਹੈ।  ਇਸ ਮੌਕੇ ਸ਼੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜਿਲ੍ਹਾ ਮਿਸ਼ਨ ਡਾਇਰੈਕਟਰ, ਪੀ.ਐਸ. ਆਰ. ਐਲ. ਐਮ. ਅੰਮ੍ਰਿਤਸਰ ਵੱਲੋ ਕਾਮਨ ਸਰਵਿਸ ਸੈਂਟਰ ਚਲਾ ਰਹੀਆਂ ਸਵੈ ਸਹਾਇਤਾ ਸਮੂਹ ਦੀਆਂ ਮੈਂਬਰਾਂ ਨੂੰ ਮੁਫ਼ਤ ਬਾਇਓਮੈਟ੍ਰਿਕ ਡਿਵਾਇਸ ਵੀ ਵੰਡੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਇਸ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਹਨ੍ਹਾਂ ਵੱਲੋ ਹਮੇਸ਼ਾ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਦੀ ਭਲਾਈ ਲਈ ਸਹਿਯੋਗ ਦਿੱਤਾ ਜਾਵੇਗਾ।