ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ : ਗੁਰਦਿਆਲ ਮਾਨ
ਨਵਾਂਸ਼ਹਿਰ 27 ਅਗਸਤ (ਵਿਸ਼ੇਸ਼ ਪ੍ਰਤੀਨਿਧੀ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਇਹਨੀ ਦਿਨੀਂ ਪੰਜਾਬ ਭਰ ਵਿੱਚ 29 ਅਗਸਤ ਦੀ ਲੁਧਿਆਣਾ ਵਿਖੇ ਹੋ ਰਹੀ ਵੰਗਾਰ ਰੈਲੀ ਨੂੰ ਲੈ ਕੇ ਜਬਰਦਸ਼ਤ ਤਿਆਰੀਆਂ ਚੱਲ ਰਹੀਆਂ ਹਨ। ਵੰਗਾਰ ਰੈਲੀ ਲੁਧਿਆਣਾ ਵਿੱਚ ਭਰਵੀਂ ਸ਼ਮੂਲੀਅਤ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਨੇ ਦੱਸਿਆ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਇੱਕ ਪਾਸੇ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਇਤਿਹਾਸਕ ਲੜਾਈ ਲੜ ਰਹੇ ਹਨ ਦੂਜੇ ਪਾਸੇ ਐਨ ਪੀ ਐਸ ਮੁਲਾਜਮ ਪੀ ਐਫ ਆਰ ਡੀ ਏ ਐਕਟ ਦੇ ਕਾਲੇ ਕਾਨੂੰਨ ਖਿਲਾਫ ਲਗਾਤਾਰ ਸੰਘਰਸ਼ ਵਿੱਚ ਹਨ। ਸਰਕਾਰ ਤੁਰੰਤ ਐਨ.ਪੀ.ਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰੇI ਉਹਨਾਂ ਕਿਹਾ ਕਿ ਪੂਰੇ ਪੰਜਾਬ ਭਰ ਵਿਚ ਇਸ ਰੈਲੀ ਨੂੰ ਲੈ ਕੇ ਜਬਰਦਸਤ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਰੇਕ ਬਲਾਕ ਵਿੱਚੋਂ ਇੱਕ ਬੱਸ ਰੈਲੀ ਲਈ ਜਾਵੇਗੀ। ਰੈਲੀ ਤੇ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਦੌਰਾਨ ਇਹਨਾਂ ਮੁਲਾਜਮਾਂ ਵੱਲੋਂ ਹੌਸਲੇ ਦੇਖਣਯੋਗ ਹੋਣਗੇ। ਜਿਕਰਯੋਗ ਹੈ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੈਨਸ਼ਨ ਸੁਧਾਰ ਦੇ ਨਾਂ ਤੇ ਸਮਾਜਿਕ ਸੁਰੱਖਿਆ ਖੋਹ ਲਈ ਹੈ ਤੇ ਸ਼ੇਅਰ ਬਜਾਰ ਅਧਾਰਿਤ ਪੈਨਸ਼ਨ ਦੇ ਭਰੋਸੇ ਛੱਡ ਦਿੱਤਾ ਹੈ ਜਿੱਥੇ ਨਿਗੁਣੀ ਤੇ ਨਾਮਾਤਰ ਪੈਨਸ਼ਨ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਪ੍ਰਾਪਤ ਕਰ ਰਹੇ ਹਨ। ਜਿਸ ਕਾਰਣ ਕਰਮਚਾਰੀਆ ਵਿੱਚ ਜਬਰਦਸਤ ਰੋਹ ਪਾਇਆ ਜਾ ਰਿਹਾ ਹੈ ਜੋ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਅਨੁਮਾਨ ਅਨੁਸਾਰ 29 ਅਗਸਤ ਨੂੰ ਸੂਬਾ ਪੱਧਰੀ ਲੁਧਿਆਣਾ ਵੰਗਾਰ ਰੈਲੀ ਵਜੋਂ ਜਲੌਅ ਦਾ ਰੂਪ ਧਾਰਨ ਕਰੇਗਾ। ਸਰਕਾਰ ਦੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਅਤੇ ਇਸ ਮੰਗ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਐਨ ਪੀ ਐਸ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ ਅਤੇ ਇਸ ਰੋਸ਼ ਨੂੰ ਜਾਹਰ ਕਰਨ ਲਈ 29 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਵੰਗਾਰ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਉਹਨਾਂ ਨੇ ਸਮੂਹ ਐਨ.ਪੀ.ਐਸ ਕਰਮਚਾਰੀਆਂ ਨੂੰ 29 ਅਗਸਤ ਨੂੰ ਸਾਥੀਆਂ ਸਮੇਤ ਲੁਧਿਆਣੇ ਵੱਲ ਵਹੀਰਾਂ ਘੱਤਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜੁਝਾਰ ਸੰਹੂਗੜਾ ਜਿਲ੍ਹਾ ਬੀਐਡ ਫਰੰਟ, ਮਨੋਹਰ ਲਾਲ, ਹਰਪ੍ਰੀਤ ਬੰਗਾ, ਗੁਰਦੀਸ਼ ਸਿੰਘ, ਮਨਜਿੰਦਰਜੀਤ ਸਿੰਘ, ਯੁਗਰਾਜ ਸਿੰਘ, ਤੀਰਥ ਸਿੰਘ, ਅਸ਼ੋਕ ਪਠਲਾਵਾ ਵੀ ਹਾਜ਼ਰ ਸਨ।
ਕੈਪਸ਼ਨ:ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ।