ਰੱਖੜ ਪੁੰਨਿਆ ਦੇ ਮੇਲੇ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਬਾਬਾ ਬਕਾਲਾ ਸਾਹਿਬ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤਾ-ਸਿੱਧੂ

ਬਾਬਾ ਬਕਾਲਾ ਸਾਹਿਬ, 22 ਅਗਸਤ - ਰੱਖੜ ਪੁੰਨਿਆ ਦੇ ਮੇਲੇ ਮੌਕੇ ਪੰਜਾਬ ਸਰਕਾਰ ਦੀ ਤਰਫੋਂ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਬਾਬਾ ਬਕਾਲਾ ਸਾਹਿਬ ਨੂੰ ਗ੍ਰਾਮ ਪੰਚਾਇਤ ਤੋਂ ਨਗਰ ਪੰਚਾਇਤ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ ਇਸ ਬਾਬਤ ਨੋਟੀਫਿਕੇਸ਼ਨ ਵੀ ਬੀਤੇ ਦਿਨ ਜਾਰੀ ਕੀਤਾ ਜਾ ਚੁੱਕਾ ਹੈ। ਉਨਾਂ ਹਸਪਤਾਲ ਵਿਚ ਸਿਹਤ ਕਰਮੀਆਂ ਅਤੇ ਇਲਾਕੇ ਦ ਮੋਹਤਬਰਾਂ ਨਾਲ ਵਿਚਾਰ ਸਾਂਝੇ ਕਰਦੇ ਇਸ ਇਤਹਾਸਕ ਮੌਕੇ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ਵਿਚ ਮਾਵਾਂ ਤੇ ਛੋਟੇ ਬੱਚਿਆਂ ਦੀ ਸਿਹਤ ਸੰਭਾਲ ਲਈ 20 ਬਿਸਤਰਿਆਂ ਦਾ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਬਨਾਉਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਇਲਾਕੇ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੋਂ ਨੇੜਲੇ ਵੱਡੇ ਕਸਬੇ ਰਈਆ ਵਿਖੇ ਵੀ ਚੱਲ ਰਹੇ ਸਿਹਤ ਕੇਂਦਰ ਦਾ ਨਵ-ਨਿਰਮਾਣ ਕੀਤਾ ਜਾਵੇਗਾ। ਉਨਾਂ ਇਸ ਮੌਕੇ ਕਰੋਨਾ ਸੰਕਟ ਦੌਰਾਨ ਇਲਾਕੇ ਵਿਚ ਸਿਹਤ ਸੇਵਾਵਾਂ ਦੇਣ ਵਾਲੇ ਸਿਹਤ ਕਰਮੀਆਂ ਦਾ ਸਨਮਾਨ ਵੀ ਕੀਤਾ।   ਸ. ਸਿੱਧੂ ਨੇ ਸਿਹਤ ਕਰਮੀਆਂ ਵੱਲੋਂ ਨਿਭਾਈਆਂ ਸੇਵਾਵਾਂ ਦੀਆਂ ਸ਼ਲਾਘਾ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਪੰਜਾਬ ਦੇਸ਼ ਭਰ ਦੇ ਉਨਾਂ ਸੂਬਿਆਂ ਦੀ ਕਤਾਰ ਵਿਚ ਖੜਾ ਹੈ, ਜਿੱਥੇ ਕਰੋਨਾ ਦੌਰਾਨ ਲੋਕਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤ ਮਿਲਦੀ ਰਹੀ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਲਈ ਕੀਤੇ ਗਏ ਪ੍ਰਬੰਧਾਂ ਸਦਕਾ ਆਕਸੀਜਨ ਦਾ ਭੰਡਾਰ ਖਤਮ ਨਹੀਂ ਹੋਏ ਅਤੇ ਅਸੀਂ ਕੇਵਲ ਪੰਜਾਬ ਹੀ ਨਹੀਂ ਬਲਕਿ ਇਸਦੇ ਨੇੜਲੇ ਰਾਜਾਂ ਖਾਸ ਕਰ ਦਿੱਲੀ ਤੋਂ ਆਏ ਲੋਕਾਂ ਦਾ ਇਲਾਜ ਵੀ ਕਰਦੇ ਰਹੇ। ਇਸ ਮੌਕੇ ਬੋਲਦੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਜਿੱਥੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਇਲਾਕੇ ਨੂੰ ਰੱਖੜੀ ਮੌਕੇ ਦਿੱਤੇ ਤੋਹਫਿਆਂ ਲਈ ਧੰਨਵਾਦ ਕੀਤਾ, ਉਥੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਿਆਸ ਵਿਖੇ ਛੇਤੀ ਹੀ ਨਵੀਂ ਆਈ. ਟੀ. ਆਈ. ਬਣਾਈ ਜਾਵੇਗੀ, ਜਿੱਥੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਆਸ ਵਿਖੇ ਸਬ ਤਹਿਸੀਲ ਦਾ ਕੰਪਲੈਕਸ ਵੀ ਉਸਾਰੀ ਅਧੀਨ ਹੈ ਅਤੇ ਜਲਦੀ ਹੀ ਇਸ ਇਮਾਰਤ ਨੂੰ ਚਾਲੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸ. ਸਿੱਧੂ ਤੇ ਸ. ਭਲਾਈਪੁਰ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੇ ਭੋਰਾ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਸਰਕਾਰ ਦੀ ਤਰਫੋਂ ਸ਼ਰਧਾ ਭੇਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਐਸ ਐਮ ਓ ਸ੍ਰੀ ਨਵੀਨ ਭਾਟੀਆ, ਚੇਅਰਮੈਨ ਸ. ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿਲੋਂ, ਚੇਅਰਮੈਨ ਨਿਰਵੈਲ ਸਿੰਘ, ਚੇਅਰਮੈਨ ਇੰਦਰਜੀਤ ਸਿੰਘ, ਸਰਪੰਚ ਸਰਬਜੀਤ ਸਿੰਘ ਸੰਧੂ, ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਸਰਪੰਚ ਨਰਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਦਲਬੀਰ ਸਿੰਘ, ਬਲਾਕ ਸੰਮਤੀ ਨਵਪੱਡਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।