ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ 23 ਅਗਸਤ ਤੋਂ 4 ਸਤੰਬਰ ਤੱਕ ਜ਼ਿਲ੍ਹੇ 'ਚ ਲਗਾਏ ਜਾ ਰਹੇ ਨੇ ਵਿਸ਼ੇਸ਼ ਕੈਂਪ : ਡੀ.ਐਸ.ਐਸ.ਓ

ਪਟਿਆਲਾ, 22 ਅਗਸਤ: ਜ਼ਿਲ੍ਹੇ ਦੇ ਦਿਵਿਆਂਗਜਨ ਵਿਅਕਤੀਆਂ ਦੇ ਡਿਸਏਬਿਲਿਟੀ ਸਰਟੀਫਿਕੇਟ ਬਣਾਉਣ ਲਈ 23 ਅਗਸਤ ਤੋਂ 4 ਸਤੰਬਰ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਜਿਨ੍ਹਾਂ ਦਿਵਿਆਂਗਜਨਾਂ ਨੇ 18 ਅਗਸਤ 2021 ਤੋਂ ਪਹਿਲਾਂ ਆਪਣਾ ਦਿਵਿਆਂਗ ਸਰਟੀਫਿਕੇਟ ਬਣਾਉਣ ਲਈ ਅਪਲਾਈ ਕੀਤਾ ਹੈ ਅਤੇ ਜਾ ਫੇਰ ਕਿਸੇ ਦਾ ਕੋਈ ਅਸੈਸਮੈਂਟ ਪੱਧਰ 'ਤੇ ਪੈਡਿੰਗ ਕੇਸ ਹੈ ਤਾਂ ਉਹ ਆਪਣੀ ਅਸੈਸਮੈਂਟ ਇਨ੍ਹਾਂ ਕੈਂਪਾਂ 'ਚ ਆਕੇ ਕਰਵਾ ਸਕਦੇ ਹਨ ਅਤੇ ਜਿਨ੍ਹਾਂ ਨੂੰ ਆਨ ਲਾਈਨ ਪੋਰਟਲ 'ਤੇ ਜਿਹੜਾ ਮੈਡੀਕਲ ਬੋਰਡ ਅਸਾਈਨ ਹੋਇਆ ਹੈ ਉਹ ਕੈਂਪ ਵਾਲੇ ਦਿਨ ਉਥੇ ਜਾ ਕੇ ਆਪਣੀ ਅਸੈਸਮੈਂਟ ਕਰਵਾ ਸਕਣਗੇ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਿਵਿਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਮਾਹਰ ਡਾਕਟਰਾਂ ਦੀ ਹਾਜ਼ਰੀ ਵਿਚ ਇਹ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ 23 ਤੇ 24 ਅਗਸਤ ਨੂੰ ਸੀ.ਐਚ.ਸੀ ਪਾਤੜਾਂ, 25 ਤੇ 26 ਅਗਸਤ ਨੂੰ ਸੀ.ਐਚ.ਸੀ. ਸਿਵਲ ਹਸਪਤਾਲ ਸਮਾਣਾ, 27 ਤੇ 28 ਅਗਸਤ ਨੂੰ ਸਿਵਲ ਹਸਪਤਾਲ ਨਾਭਾ, 31 ਅਗਸਤ ਤੇ 1 ਸਤੰਬਰ ਨੂੰ ਸਿਵਲ ਹਸਪਤਾਲ ਰਾਜਪੁਰਾ ਅਤੇ 2 ਤੋਂ 4 ਸਤੰਬਰ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ 'ਚ ਇਹ ਵਿਸ਼ੇਸ਼ ਕੈਂਪ ਲਗਾ ਕੇ ਦਿਵਿਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੈਂਪ ਉਕਤ ਦਿਨਾਂ ਅਤੇ ਸਥਾਨਾਂ 'ਤੇ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਏ ਜਾਣਗੇ। ਉਨ੍ਹਾਂ ਦਿਵਿਆਂਗਜਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਬਨਵਾਉਣ ਲਈ ਇਨ੍ਹਾਂ ਕੈਂਪਾਂ ਵਿਚ ਸਮੇਂ ਸਿਰ ਪਹੁੰਚ ਕੇ ਲਾਭ ਜ਼ਰੂਰ ਉਠਾਉਣ।