ਅੰਤਰਰਾਜੀ ਅਪਰਾਧੀ 32 ਬੋਰ ਪਿਸਟਲ ਸਮੇਤ ਕਾਬੂ, ਲੁੱਟਾਂ ਖੋਹਾਂ ਤੇ ਕਤਲ ਦੇ 16 ਤੋਂ ਵੱਧ ਮੁਕਦਮਿਆਂ 'ਚ ਰਿਹਾ ਸ਼ਾਮਲ

ਪਟਿਆਲਾ, 13 ਅਗਸਤ: ਪਟਿਆਲਾ ਦੇ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਇੱਕ ਅੰਤਰਰਾਜੀ ਅਪਰਾਧੀ ਨੂੰ 32 ਬੋਰ ਦੇ ਪਿਸਟਲ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਲੁੱਟਾਂ ਖੋਹਾਂ ਤੇ ਕਤਲ ਦੇ 16 ਤੋਂ ਵੱਧ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਹਮਝੜੀ ਥਾਣਾ ਪਾਤੜਾਂ ਹੋਈ।
ਐਸ.ਐਸ.ਪੀ. ਮੁਤਾਬਕ ਸੀ.ਟੀ. ਵਿੰਗ ਇੰਚਾਰਜ, ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੂੰ ਇਹ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ ਤੇ ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਇਸ ਵਿਅਕਤੀ ਨੂੰ ਪਿੰਡ ਮੁਰਾਦਪੁਰੇ ਤੋਂ ਕਾਬੂ ਕੀਤਾ ਗਿਆ। ਇਸ ਕੋਲੋਂ ਇੱਕ 32 ਬੋਰ ਪਿਸਟਲ ਤੇ 6 ਕਾਰਤੂਸ ਅਤੇ ਇਸ ਵੱਲੋਂ ਵੱਖ ਵੱਖ ਵਾਰਦਾਤਾਂ 'ਚ ਵਰਤੀ ਜਾਣ ਵਾਲੀ ਵਰਨਾ ਕਾਰ ਬਰਾਮਦ ਹੋਈ। 
ਡਾ. ਸੰਦੀਪ ਗਰਗ ਨੇ ਦੱਸਿਆ ਕਿ ਏ.ਐਸ.ਆਈ. ਪਵਨ ਕੁਮਾਰ ਤੇ ਸੀ.ਟੀ.ਵਿੰਗ ਪਟਿਆਲਾ ਦੇ ਕਰਮਚਾਰੀਆਂ ਵੱਲੋਂਅ ਕਾਬੂ ਕੀਤੇ ਗਏ ਦਵਿੰਦਰ ਸਿੰਘ ਵਿਰੁੱਧ ਆਰਮਜ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁੱਕਦਮਾ ਨੰਬਰ 183 ਮਿਤੀ 11 ਅਗਸਤ 2021 ਥਾਣਾ ਸਿਟੀ ਸਮਾਣਾ ਵਿਖੇ ਦਰਜ ਕੀਤਾ ਗਿਆ ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ. ਐਸ.ਐਸ.ਪੀ. ਡਾ. ਗਰਗ ਦੇ ਦੱਸਿਆ ਕਿ ਦਵਿੰਦਰ ਸਿੰਘ ਵਿਰੁੱਧ ਪੰਜਾਬ ਅਤੇ ਹਰਿਆਣਾ 'ਚ ਕਤਲ, ਚੋਰੀ, ਲੁੱਟਾਂ ਖੋਹਾਂ, ਅਗਵਾ ਅਤੇ ਅਸਲਾ ਐਕਟ ਦੇ 16 ਦੇ ਕਰੀਬ ਮੁਕਦਮੇ ਦਰਜ ਹਨ ਇਸ ਨੇ 8 ਜੁਲਾਈ 2021 ਨੂੰ ਆਪਣੇ ਕੁੱਝ ਸਾਥੀਆਂ ਨਾਲ ਮਿਲਕੇ ਸਮਾਣਾ ਦੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਕੁੱਟ ਮਾਰ ਕੀਤੀ ਸੀ, ਇਸ ਮਾਮਲੇ 'ਚ ਅਤੇ ਇਸਦੇ ਸਾਥੀਆਂ ਵਿਰੁਧ ਮੁਕਦਮਾ ਨੰਬਰ 144 ਮਿਤੀ 08-07-2021 ਅ/ਧ 365, 323, 341, 506, 148, 149, 120-ਬੀ ਆਈ.ਪੀ.ਸੀ, ਥਾਣਾ ਸਿਟੀ ਸਮਾਣਾ ਵਿਖੇ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਇਹ ਵਿਅਕਤੀ ਪਟਿਆਲਾ ਪੁਲਿਸ ਨੂੰ ਲੋੜੀਂਦਾ ਸੀ। ਇਸਤੋਂ ਇਲਾਵਾ ਦਵਿੰਦਰ ਸਿੰਘ ਵਿਰੁੱਧ ਮੁੱਕਦਮਾ ਨੰਬਰ 362, ਮਿਤੀ 22-08-21 ਅਧੀਨ ਧਾਰਾ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਥਾਣਾ ਸਿਟੀ ਬਰਨਾਲਾ ਵਿਖੇ ਵੀ ਦਰਜ ਹੈ, ਜਿਸ 'ਚ ਇਹ ਭਗੌੜਾ ਚਲ ਰਿਹਾ ਸੀ ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ, ਕਈ ਵੱਡੇ ਅਪਰਾਧੀਆਂ ਨਾਲ ਵੀ ਕਈ ਸੰਗੀਨ ਅਪਰਾਧਾਂ ਵਿੱਚ ਸਾਮਲ ਰਿਹਾ ਹੈ ਅਤੇ ਹੁਣ ਇਹ ਅਪਣੇ ਕੁੱਝ ਸਥੀਆਂ ਨਾਲ ਮਿਲਕੇ ਪਿਸਟਲ ਲੈਕੇ ਆਇਆ ਸੀ ਜਿਸ ਨਾਲ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।