ਨਵਾਂਸ਼ਹਿਰ, 25 ਅਗਸਤ : ਪੰਜਾਬ ਵਿਚ ਬੇਰੋਜ਼ਗਾਰੀ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜ਼ਗਾਰ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਕੋਰਸ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਮਾਈਕ੍ਰੋਸਾਫਟ ਅਤੇ ਐਨ. ਐਸ. ਡੀ. ਸੀ ਨੇ ਭਾਰਤ ਵਿਚ ਇਕ ਲੱਖ ਤੋਂ ਵੱਧ ਔਰਤਾਂ ਦੇ ਸਸ਼ਕਤੀਕਰਨ ਅਤੇ ਭਾਰਤ ਵਿਚ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਹੈ। ਉਨਾਂ ਦੱਸਿਆ ਕਿ ਇਸੇ ਲੜੀ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70 ਘੰਟੇ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਕੋਰਸ ਚਾਰ ਖੇਤਰਾਂ ਵਿਚ ਫੋਕਸ ਕਰੇਗਾ, ਜਿਨਾਂ ਵਿਚ ਡਿਜੀਟਲ ਉਤਪਾਦਕਤਾ, ਅੰਗਰੇਜ਼ੀ, ਰੋਜ਼ਗਾਰ ਯੋਗਤਾ ਅਤੇ ਉੱਦਮਤਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਕੋਰਸ ਲਈ ਲੜਕੀ ਅਤੇ ਔਰਤ ਦੀ ਉਮਰ 18 ਤੋਂ 35 ਸਾਲ ਅਤੇ ਯੋਗਤਾ ਘੱਟੋ-ਘੱਟ ਅੱਠਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ, ਸ਼ਹੀਦ ਭਗਤ ਸਿੰਘ ਨਗਰ ਦੇ ਫੇਸਬੁੱਕ ਪੇਜ 'ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਤੀਸਰੀ ਮੰਜ਼ਿਲ 'ਤੇ ਸਥਿਤ ਕਮਰਾ ਨੰਬਰ 413 ਵਿਚ ਡੀ. ਪੀ. ਐਮ. ਯੂ ਸਟਾਫ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ :- ਅਮਰਦੀਪ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)।