ਨਵਾਂਸ਼ਹਿਰ, 16 ਅਗਸਤ : ਪੰਜਾਬ ਸਰਕਾਰ ਦੁਆਰਾ ਇਕੋ ਛੱਤ ਹੇਠਾਂ ਵੱਖ-ਵੱਖ ਵਿਭਾਗਾਂ ਦੀਆਂ ਦਿੱਤੀਆਂ ਜਾ ਰਹੀਆਂ ਨਾਗਰਿਕ ਸੇਵਾਵਾਂ ਵਿਚ ਹੁਣ ਸੇਵਾ ਕੇਂਦਰਾਂ ਰਾਹੀਂ 4 ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨਾਂ ਸੇਵਾਵਾਂ ਵਿਚ ਪ੍ਰਾਈਵੇਟ ਹਸਪਤਾਲਾਂ ਦੁਆਰਾ ਜਨਮ ਤੇ ਮੌਤ ਰਜਿਸਟ੍ਰੇਸ਼ਨ ਸਬੰਧੀ ਆਨਲਾਈਨ ਪੋਰਟਲ ਦੁਆਰਾ ਭੇਜਣ, ਐਨ. ਆਰ. ਆਈ ਦਸਤਾਵੇਜ਼ਾ ਦੀ ਅਟੈਸਟੇਸ਼ਨ, ਆਨਲਾਈਨ ਆਰ. ਟੀ. ਆਈ ਅਪਲਾਈ ਕਰਨ ਲਈ ਸਿੰਗਲ ਪੋਰਟਲ ਅਤੇ ਸਰਵਿਸ ਡੋਰ ਸਟੈਪ ਸੇਵਾਵਾਂ ਸ਼ਾਮਿਲ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਹੁਣ ਨਿੱਜੀ ਹਸਪਤਾਲਾਂ ਵੱਲੋਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਰਜਿਸਟਰਾਰ ਦਫ਼ਤਰ ਨੂੰ ਆਨਲਾਈਨ ਪੋਰਟਲ ਦੁਆਰਾ ਹੀ ਭੇਜੀ ਜਾਵੇਗੀ, ਜਿਸ ਨਾਲ ਕੰਮਕਾਜ ਵਿਚ ਹੋਰ ਪਾਰਦਰਸ਼ਤਾ ਆਵੇਗੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਿੱਜੀ ਹਸਪਤਾਲਾਂ ਵੱਲੋਂ ਜਨਮ ਤੇ ਮੌਤ ਸਬੰਧੀ ਜਾਣਕਾਰੀ ਸਬੰਧਤ ਰਜਿਸਟਰਾਰ ਦਫ਼ਤਰ ਨੂੰ ਮੈਨੂਅਲ ਫਾਰਮ ਭਰ ਕੇ ਭੇਜੀ ਜਾਂਦੀ ਸੀ, ਜਿਸ ਉਪਰੰਤ ਇਸ ਜਾਣਕਾਰੀ ਨੂੰ ਸਬੰਧਤ ਰਜਿਸਟਰਾਰ ਦਫ਼ਤਰ ਵੱਲੋਂ ਆਨਲਾਈਨ ਦਰਜ ਕੀਤਾ ਜਾਂਦਾ ਸੀ। ਇਸ ਕਾਰਨ ਆਮ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਹੋਣ ਵਿਚ ਕਈ ਵਾਰੀ ਦੇਰ ਹੋ ਜਾਂਦੀ ਸੀ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲਾ ਪੱਧਰ 'ਤੇ ਸਥਾਪਿਤ ਲਗਭਗ 31 ਹਸਪਤਾਲਾਂ ਦੁਆਰਾ ਸਰਕਾਰ ਦੀ ਇਸ ਨੀਤੀ ਨੂੰ ਅਪਣਾਇਆ ਜਾ ਚੁੱਕਿਆ ਹੈ।
ਉਨਾਂ ਦੱਸਿਆ ਕਿ 14 ਅਗਸਤ ਤੋਂ ਰਾਜ ਵਿਚ ਐਨ. ਆਰ. ਆਈ ਦਸਤਾਵੇਜ਼ ਅਟੈਸਟੇਸ਼ਨ ਦੀ ਸੇਵਾ ਵੀ ਸੇਵਾ ਕੇਂਦਰਾਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਨਾਗਰਿਕ ਹੁਣ ਆਪਣੇ ਘਰ ਦੇ ਨੇੜਲੇ ਸੇਵਾ ਕੇਂਦਰਾਂ ਦੁਆਰਾ ਪ੍ਰਤੀ ਦਸਤਾਵੇਜ਼ 500 ਰੁਪਏ ਦੀ ਅਦਾਇਗੀ ਕਰ ਕੇ ਇਸ ਸੇਵਾ ਕਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰ ਲਾਭਤਾਰੀ ਦੇ ਦਸਤਾਵੇਜ਼ ਚੰਡੀਗੜ ਤੋਂ ਅਟੈਸਟ ਕਰਵਾ ਕੇ ਵੁਸ ਨੂੰ ਮੁਹੱਈਆ ਕਰਵਾਉਣਗੇ। ਉਨਾਂ ਦੱਸਿਆ ਕਿ ਐਪਲੀਕੇਸ਼ਨ ਦੀ ਹਰ ਸਟੇਜ ਦੀ ਜਾਣਕਾਰੀ ਲਾਭਪਾਤਰੀ ਨੂੰ ਐਸ. ਐਮ. ਐਸ ਰਾਹੀਂ ਮਿਲਦੀ ਰਹੇਗੀ।
ਡਾ. ਸ਼ੇਨਾ ਅਗਰਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਨਲਾਈਨ ਆਰ. ਆਰ. ਆਈ ਅਪਲਾਈ ਕਰਨ ਲਈ ਸਿੰਗਲ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨਾਂ ਕਿਹਾ ਕਿ ਨਾਗਰਿਕ ਵੱਲੋਂ ਆਨਲਾਈਨ ਪੋਰਟਲ ਰਾਹੀਂ ਹੀ ਸੂਚਨਾ ਦੀ ਮੰਗ ਕੀਤੀ ਜਾਇਆ ਕਰੇਗੀ ਅਤੇ ਸਬੰਧਤ ਵਿਭਾਗ ਦੇ ਪੀ. ਆਈ. ਓ ਵੱਲੋਂ ਆਨਲਾਈ ਹੀ ਜਵਾਬ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੰਗੀ ਗਈ ਸੂਚਨਾ ਲਈ ਲੋੜੀਂਦੀ ਫੀਸ ਦੀ ਅਦਾਇਗੀ ਵੀ ਆਨਲਾਈਨ ਹੀ ਕੀਤੀ ਜਾਇਆ ਕਰੇਗੀ।
ਉਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਸੇਵਾ ਕੇਂਦਰਾਂ ਦੇ ਮੁਲਾਜ਼ਮ ਨਾਗਰਿਕਾਂ ਦੇ ਘਰ ਜਾ ਕੇ ਵੀ ਸਰਵਿਸ ਅਪਲਾਈ ਕਰਨਗੇ ਅਤੇ ਸਰਵਿਸ ਅਪਰੂਵ ਹੋਣ ਤੋਂ ਬਾਅਦ ਘਰ ਵਿਚ ਹੀ ਸਰਟੀਫਿਕੇਟ ਦੇਣਗੇ। ਉਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ।