ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ ਵੱਲੋਂ ਨਵੇਂ ਬੱਸ ਅੱਡੇ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

ਪਟਿਆਲਾ, 6 ਅਗਸਤ: ਟਰਾਂਸਪੋਰਟ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸ਼ਿਵਾ ਪ੍ਰਸਾਦ ਨੇ ਅੱਜ ਇੱਥੇ ਰਾਜਪੁਰਾ ਬਾਈਪਾਸ ਨੇੜੇ ਉਸਾਰੀ ਅਧੀਨ ਅਤਿ-ਆਧੁਨਿਕ ਬੱਸ ਸਟੈਂਡ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕੰਮ 'ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਨੇ ਕੰਮ ਕਰਵਾ ਰਹੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ, ਕੰਮ ਨੂੰ ਤੈਅ ਸਮੇਂ 'ਚ ਨਿਪਟਾਉਣ ਲਈ ਹਦਾਇਤ ਕੀਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਨਿਰਮਾਣ ਕਾਰਜਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਮੇਨ ਬਿਲਡਿੰਗ ਨੂੰ 30 ਨਵੰਬਰ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਰਾਜਪੁਰਾ ਰੋਡ ਤੋਂ ਬੱਸਾਂ ਦੀ ਨਿਰਵਿਘਨ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈਓਵਰ ਦੇ ਪਿੱਲਰਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਵਰਕਸ਼ਾਪ ਬਲਾਕ ਦੀ ਛੱਤ ਪਾ ਦਿੱਤੀ ਗਈ ਹੈ। ਬੱਸ ਸਟੈਂਡ ਵਿੱਚ ਬਣਾਈਆਂ ਜਾਣ ਵਾਲੀਆਂ ਦੁਕਾਨਾਂ/ਸ਼ੋਅ ਰੂਮ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੱਸ ਅੱਡੇ ਵਿੱਚ ਬੱਸਾਂ ਦੇ ਆਉਣ-ਜਾਣ ਲਈ ਪੇਵਮੈਂਟ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਬੱਸ ਸਟੈਂਡ 'ਚ ਪ੍ਰਵੇਸ਼ ਲਈ ਸਟੈਪ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਟਿਕਟ ਕਾਊਂਟਰ ਅਤੇ ਮੋਹਰਲੀ ਦੀਵਾਰ ਦੀਆਂ ਡਰਾਇੰਗਾਂ ਮਨਜ਼ੂਰ ਹੋਣ ਬਾਅਦ, ਹੁਣ ਇਨ੍ਹਾਂ ਦੀ ਉਸਾਰੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਦੱਸਿਆ ਗਿਆ ਕਿ ਇਸ ਬੱਸ ਸਟੈਂਡ ਨੂੰ 8.51 ਏਕੜ ਰਕਬੇ 'ਚ 60.97 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ, ਇਸ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਬੱਸਾਂ ਦੀ ਆਮਦ ਬੰਦ ਹੋਣ ਨਾਲ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ, ਇਸ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦਾ ਉਸਾਰੀ ਕਾਰਜ ਮਿਥੇ ਸਮੇਂ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ। ਇਸ ਮੌਕੇ ਪੀਆਰਟੀਸੀ ਦੇ ਐਮ.ਡੀ. ਭੁਪਿੰਦਰ ਪਾਲ ਸਿੰਘ, ਲੋਕ ਨਿਰਮਾਣ ਵਿਭਾਗ (ਪ੍ਰੋਵਿੰਸੀਅਲ ਡਿਵੀਜਨ ਨੰਬਰ-1) ਦੇ ਕਾਰਜਕਾਰੀ ਇੰਜੀਨੀਅਰ ਇੰਜ. ਐਸ.ਐਲ. ਗਰਗ, ਪੀਆਰਟੀਸੀ ਦੇ ਐਕਸੀਐਨ ਜਤਿੰਦਰਪਾਲ ਸਿੰਘ ਗਰੇਵਾਲ,ਇਲੈਕਟਰੀਕਲ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਕੌਸ਼ਲ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਕਸੀਐਨ ਅਮਰੀਕ ਸਿੰਘ ਤੇ ਐਸ.ਡੀ.ਈ. ਇੰਜ. ਐਮ.ਕੇ. ਗਰਗ ਵੀ ਮੌਜੂਦ ਸਨ।