ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅਹੁਦਾ ਸੰਭਾਲਿਆ

ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਦਿੱਤੀ ਜਾਵੇਗੀ ਤਰਜ਼ੀਹ : ਸਿਵਲ ਸਰਜਨ
ਨਵਾਂਸ਼ਹਿਰ, 1 ਅਗਸਤ 2021 :- ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਮਲੇਰਕੋਟਲਾ ਜ਼ਿਲ੍ਹੇ ਦੇ ਪਹਿਲੇ ਸਿਵਲ ਸਰਜਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਵਿਖੇ ਬਤੌਰ ਡਿਪਟੀ ਡਾਇਰੈਕਟਰ ਅਤੇ ਜਲੰਧਰ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਵੱਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਡਾ. ਗੁਰਿੰਦਰਬੀਰ ਕੌਰ ਦੇ ਪਤੀ ਅਤੇ ਸਾਬਕਾ ਸਿਵਲ ਸਰਜਨ ਡਾ. ਬਲਬੀਰ ਸਿੰਘ ਅਤੇ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜ ਰਾਣੀ ਵੀ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਪੀਏ ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੂੰ ਜੀ ਆਇਆ ਕਹਿੰਦਿਆਂ ਸਮੁੱਚੇ ਸਟਾਫ ਵੱਲੋਂ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਜ਼ਿਲ੍ਹੇ ਵਿੱਚ ਨਿੱਘਾ ਸੁਆਗਤ ਕੀਤਾ।  ਆਪਣਾ ਅਹੁਦਾ ਸੰਭਾਲਣ ਉਪਰੰਤ ਸਿਵਲ ਸਰਜਨ ਗੁਰਿੰਦਰਬੀਰ ਕੌਰ ਨੇ ਆਪਣੀ ਪਹਿਲੀ ਮਿਲਣੀ ਵਿਚ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣਾ ਕੰਮ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਾਰੇ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ 100 ਫੀਸਦੀ ਟੀਚੇ ਪੂਰੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।  ਸਿਵਲ ਸਰਜਨ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਉਹ ਲੋਕਾਂ ਨੂੰ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦੇਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।