ਕੰਢੀ ਹਲਕੇ ’ਚ ਪਾਣੀ ਦੀ ਸਮੱਸਿਆ ਦਾ ਜੰਗੀ ਪੱਧਰ ’ਤੇ ਕੀਤਾ ਜਾ ਰਿਹੈ ਹੱਲ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 166.25 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਬੁੱਢਾਬੜ 'ਚ ਕੀਤਾ ਜਲ ਸਪਲਾਈ ਸਕੀਮ ਦਾ ਉਦਘਾਟਨ
ਹੁਸ਼ਿਆਰਪੁਰ, 7 ਸਤੰਬਰ:  ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜ਼ਿਲ੍ਹੇ ਦੇ ਕੰਢੀ ਖੇਤਰ ਦੇ ਲੋਕਾਂ ਦੇ ਘਰਾਂ ਤੱਕ ਸਾਫ਼-ਸੁਥਰਾ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿਚ ਪਾਣੀ ਦੀ ਸਮੱਸਿਆ ਨੂੰ ਜੰਗੀ ਪੱਧਰ 'ਤੇ ਹੱਲ ਕੀਤਾ ਜਾ ਰਿਹਾ ਹੈ। ਉਹ ਬਲਾਕ ਮੁਕੇਰੀਆਂ ਦੇ ਪਿੰਡ ਬੁੱਢਾਬੜ੍ਹ ਵਿਚ 166.25 ਲੱਖ ਰੁਪਏ ਦੀ ਲਾਗਤ ਵਾਲੀ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਐਸ.ਡੀ.ਐਮ ਅਸ਼ੋਕ ਸ਼ਰਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ: ਜੀ.ਐਸ ਮੁਲਤਾਨੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬੁੱਢਾਬੜ ਜਲ ਸਪਲਾਈ ਸਕੀਮ ਤਹਿਤ ਲੱਗੇ ਹੋਏ ਟਿਊਬਵੈਲ ਦਾ ਡਿਸਚਾਰਜ ਘੱਟ ਹੋਣ ਕਾਰਨ ਪਾਣੀ ਦੀ ਮੰਗ ਪੂਰੀ ਨਹੀਂ ਹੁੰਦੀ ਸੀ ਅਤੇ ਪੁਰਾਣੀਆਂ ਪਾਈਪਾਂ ਵਾਰ-ਵਾਰ ਲੀਕ ਹੋਣ ਕਾਰਨ ਪਿੰਡ ਬੁੱਢਾਬੜ ਵਿਚ ਪਾਣੀ ਦੀ ਸਪਲਾਈ ਪੂਰੀ ਮਾਤਰਾ ਵਿਚ ਨਹੀਂ ਪਹੁੰਚ ਰਹੀ ਸੀ। ਇਸ ਤੋਂ ਇਲਾਵਾ ਨਵੀਂ ਬਣੀ ਆਬਾਦੀ ਜਿਥੇ ਪਾਈਪ ਲਾਈਨ ਨਹੀਂ ਪਈ ਸੀ, ਉਥੇ ਵੀ ਪਾਣੀ ਦੀ ਸਪਲਾਈ ਕਰਨ ਲਈ ਪਾਈਪ ਲਾਈਨ ਪਾਉਣੀ ਜ਼ਰੂਰੀ ਸੀ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਣ ਪਿੰਡ ਬੁੱਢਾਬੜ ਵਿਚ ਜਲ ਸਪਲਾਈ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਕੀਮ ਨਾਲ 1080 ਘਰਾਂ ਦੇ 4908 ਲੋਕਾਂ ਦੇ ਘਰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਟਿਊਬਵੈਲ ਡੇਢ ਲੱਖ ਸਮਰੱਥਾ ਦਾ ਓ.ਐਚ.ਐਸ.ਆਰ, ਪੰਪ ਚੈਂਬਰ, ਪਾਣੀ ਦੀਆਂ ਪਾਈਪਾਂ, ਪਪਿੰਗ ਮਸ਼ੀਨਰੀ ਦਾ ਕੰਮ ਕੀਤਾ ਗਿਆ ਹੈ। ਇਸ ਮੌਕੇ ਚੀਫ ਇੰਜੀਨੀਅਰ (ਉਤਰ) ਜਸਬੀਰ ਸਿੰਘ, ਐਸ.ਈ ਵਿਜੇ ਕੁਮਾਰ, ਐਕਸੀਅਨ ਅਨੁਜ ਸ਼ਰਮਾ, ਐਸ.ਡੀ.ਓ ਰਾਹੁਲ ਅਤੇ ਜੇ.ਈ ਮਨਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।