Fwd: 'ਵਾਯੂ-ਮਿੱਤਰ' ਪਹਿਲਕਦਮੀ: ਵਿਦਿਆਰਥੀ ਹਾਟਸਪੌਟ ਪਿੰਡਾਂ 'ਚ ਪਰਾਲੀ ਸਾੜਨ ਵਿਰੋਧੀ ਦੇ ਰਹੇ ਨੇ ਸੁਨੇਹਾ -ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀ ਕੀਤੇ ਲਾਮਬੰਦ

ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀ ਕੀਤੇ ਲਾਮਬੰਦ
ਪਟਿਆਲਾ, 21 ਸਤੰਬਰ: ਪਰਾਲੀ ਸਾੜਨ ਦੇ ਗੰਭੀਰ ਵਾਤਾਵਰਣ ਦੇ ਮੁੱਦੇ ਦਾ ਮੁਕਾਬਲਾ ਕਰਨ ਲਈ ਇੱਕ ਮਜ਼ਬੂਤ ਯਤਨ ਕਰਦਿਆਂ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਸਭ ਤੋਂ ਘੱਟ ਉਮਰ ਦੇ ਚੈਂਪੀਅਨ ਤਿਆਰ ਕੀਤੇ ਹਨ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਰੰਭੀ ਗਈ ਇਸ ਮੁਹਿੰਮ ਨੂੰ 'ਵਾਯੂ ਮਿੱਤਰ' ਦਾ ਨਾਮ ਦਿੱਤਾ ਗਿਆ ਹੈ।ਇਸ ਨਿਵੇਕਲੀ ਪਹਿਲਕਦਮੀ ਤਹਿਤ ਇਹ 'ਵਾਯੂ-ਮਿੱਤਰ' ਆਪਣਾ ਸੰਦੇਸ਼ ਆਮ ਲੋਕਾਂ ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੱਕ ਸਿੱਧਾ ਪਹੁੰਚਾ ਰਹੇ ਹਨ।
ਪਟਿਆਲਾ ਜ਼ਿਲ੍ਹੇ ਅੰਦਰ ਅਜਿਹੇ 65 ਹੌਟਸਪੌਟ ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਵੱਡੀ ਮਾਤਰ ਵਿੱਚ ਘਟਨਾਵਾਂ ਹੁੰਦੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਬਾਰੇ ਦੱਸਿਆ ਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਰਾਜਦੂਤ ਬਣਾਉਂਦਿਆਂ ਇਹ ਮੁਹਿੰਮ ਵਿੱਢੀ ਹੈ ਅਤੇ ਇਨ੍ਹਾਂ ਨੂੰ ਹੌਟਸਪੌਟ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਇਸ ਮੁਹਿੰਮ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੰਦੇ ਚਾਰਟ, ਪੋਸਟਰ ਆਦਿ ਬਣਾ ਕੇ ਪਿੰਡਾਂ ਵਿੱਖੇ ਜਾ ਰਹੇ ਹਨ। ਉਹ ਆਪਣੇ ਮਾਪਿਆਂ ਅਤੇ ਪਿੰਡਾਂ ਦੇ ਲੋਕਾਂ ਨਾਲ ਸਾਰਥਕ ਗੱਲਬਾਤ ਕਰਕੇ ਟਿਕਾਊ ਖੇਤੀ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕਰ ਰਹੇ ਹਨ, ਜਿਸ ਨਾਲ ਪਰਾਲੀ ਸਾੜਨ ਦੇ ਚੱਕਰ ਨੂੰ ਤੋੜਿਆ ਜਾ ਸਕਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਸ ਪਹਿਲਕਦਮੀ ਦਾ ਇੱਕ ਦਿਲ ਨੂੰ ਛੂਹਣ ਵਾਲਾ ਪਹਿਲੂ ਇਨ੍ਹਾਂ ਵਿਦਿਆਰਥੀਆਂ ਵੱਲੋਂ ਦੁਆਰਾ ਤਿਆਰ ਕੀਤੇ ਗਏ ਦਿਲ-ਖਿੱਚਵੇਂ ਪੱਤਰ ਹਨ, ਜਿਨ੍ਹਾਂ ਵਿੱਚ ਇਹ ਆਪਣੇ ਪਿਆਰੇ ਮਾਤਾ-ਪਿਤਾ ਅਤੇ ਪਿੰਡ ਦੇ ਲੋਕਾਂ ਨੂੰ ਸੰਬੋਧਿਤ, ਕਰਕੇ ਇੱਕ ਸਧਾਰਨ ਪਰ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹਨ, 'ਪਿਆਰੇ ਮੰਮੀ ਪਾਪਾ ਤੇ ਪਿੰਡ ਵਾਲਿਓ, ਮੇਰੀ ਸਿਹਤ ਅਤੇ ਸਾਡੇ ਵਾਤਾਵਰਣ ਦਾ ਧਿਆਨ ਰੱਖਿਓ'।
ਇਹ ਪੱਤਰ, ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਹੱਲਾਂ ਦੀ ਖੋਜ ਕਰਨ ਲਈ ਜਾਗਰੂਕ ਕਰਨ ਅਤੇ ਬੇਨਤੀ ਕਰਨ ਲਈ ਤਿਆਰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਪੱਕਾ ਵਿਸ਼ਵਾਸ ਹੈ ਕਿ ਵਾਯੂ-ਮਿੱਤਰ ਪਹਿਲਕਦਮੀ ਨਾ ਸਿਰਫ਼ ਨੌਜਵਾਨ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ ਬਲਕਿ ਛੋਟੀ ਉਮਰ ਤੋਂ ਹੀ ਵਾਤਾਵਰਨ ਸੰਭਾਲ ਦੀ ਭਾਵਨਾ ਅਤੇ ਜਿੰਮੇਵਾਰੀ ਵੀ ਪੈਦਾ ਕਰਦੀ ਹੈ। ਉਸਨੇ ਅੱਗੇ ਕਿਹਾ, ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਸਮੂਹਿਕ ਯਤਨਾਂ ਰਾਹੀਂ, ਅਸੀਂ ਆਪਣੇ ਜ਼ਿਲ੍ਹੇ ਲਈ ਇੱਕ ਉਜਵਲ, ਸਾਫ਼ ਅਤੇ ਸਿਹਤਮੰਦ ਭਵਿੱਖ ਬਣਾਉਣ ਦਾ ਟੀਚਾ ਮਿੱਥਿਆ ਹੈ।