ਨਵਾਂਸ਼ਹਿਰ, 19 ਸਤੰਬਰ: ਐਸ ਡੀ ਐਮ ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਖੇਤੀਬਾੜੀ ਦਫਤਰ ਨਵਾਂਸ਼ਹਿਰ ਵਿਖੇ ਕਲੱਸਟਰ ਅਫ਼ਸਰਾਂ ਅਤੇ ਪਿੰਡ ਪੱਧਰ ਦੇ ਨੋਡਲ ਅਫ਼ਸਰਾਂ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਵਿੱਚ 8 ਕਲੱਸਟਰ ਅਫ਼ਸਰ ਅਤੇ 31 ਪਿੰਡ ਪੱਧਰ ਦੇ ਨੋਡਲ ਅਫ਼ਸਰ ਲਗਾਏ ਗਏ ਹਨ, ਜੋ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਕਲੱਸਟਰ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਨੂੰ ਏ.ਟੀ.ਆਰ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ਦੇ ਨੋਡਲ ਅਫ਼ਸਰਾਂ ਨੂੰ ਕਿਸਾਨਾਂ ਦਾ ਚਲਾਨ ਕੱਟਣ ਲਈ ਨਾਮਜ਼ਦ ਕੀਤਾ ਗਿਆ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪਿੰਡ ਪੱਧਰ 'ਤੇ 20 ਕਿਸਾਨ ਸਿਖਲਾਈ ਕੈਂਪ ਲਗਾਏ ਜਾਣਗੇ ਅਤੇ ਤਿੰਨ ਸਕੂਲਾਂ ਵਿੱਚ ਜਾ ਕੇ ਅੱਗ ਲੱਗਣ ਨਾਲ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਬੱਚੇ ਆਪਣੇ ਮਾਤਾ- ਪਿਤਾ ਨੂੰ ਅੱਗ ਲਗਾਉਣ ਦੇ ਨੁਕਸਾਨ ਦੇ ਕਾਰਨਾਂ ਬਾਰੇ ਦੱਸਣ।
ਪੰਜਾਬ ਗੁਡ ਗਵਰਨਸ ਫੈਲੋ ਮੈਡਮ ਸੰਜਨਾ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਕਮਲਦੀਪ ਸਿੰਘ ਪੀ ਡੀ ਆਤਮਾ, ਸ੍ਰੀ ਨਵਜੋਤ ਸਿੰਘ ਬਟਾਲੀਆ, ਪ੍ਰਦੀਪ ਕੁਮਾਰ ਵਿਵੇਕ ਸੂਦ ਅੰਕੜਾ ਟੀ ਏ, ਜਸਵਿੰਦਰ ਕੌਰ ਈਟੀਐਮ ਅਤੇ ਹੋਰ ਕਿਸਾਨਾਂ ਵੱਲੋਂ ਵੀ ਭਾਗ ਲਿਆ ਗਿਆ।