Fwd: Hindi and Punjabi Press Note---101 ਫੁੱਟ ਉੱਚੇ ਦੋ ਰਾਸ਼ਟਰੀ ਝੰਡੇ ਬਣਨਗੇ ਹੁਸ਼ਿਆਰਪੁਰ ਦੀ ਸ਼ਾਨ : ਬ੍ਰਮ ਸ਼ੰਕਰ ਜਿੰਪਾ -ਕੈਬਨਿਟ ਮੰਤਰੀ ਨੇ ਪ੍ਰਭਾਤ ਚੌਕ ’ਚ ਰਾਸ਼ਟਰੀ ਝੰਡਾ ਲਗਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

101 ਫੁੱਟ ਉੱਚੇ ਦੋ ਰਾਸ਼ਟਰੀ ਝੰਡੇ ਬਣਨਗੇ ਹੁਸ਼ਿਆਰਪੁਰ ਦੀ ਸ਼ਾਨ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 11 ਸਤੰਬਰ :  ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਨ ਲਈ ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ 101 ਫੁੱਟ ਉੱਚੇ ਦੋ ਰਾਸ਼ਟਰੀ ਝੰਡੇ ਲਗਾਏ ਜਾ ਰਹੇ ਹਨ। ਅੱਜ ਪ੍ਰਭਾਤ ਚੌਕ ਵਿਖੇ ਰਾਸ਼ਟਰੀ ਝੰਡਾ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦੇ ਪੰਜਾਬ ਨੂੰ ਸਾਕਾਰ ਕਰਨ ਅਤੇ ਤਿਰੰਗੇ ਨੂੰ ਹਮੇਸ਼ਾ ਉੱਚਾ ਰੱਖਣ ਲਈ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸ਼ਹੀਦ ਭਗਤ ਸਿੰਘ ਚੌਕ ਵਿਖੇ ਰਾਸ਼ਟਰੀ ਝੰਡਾ ਲਗਾਏ ਜਾਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਜਲਦ ਹੀ ਇਹ ਦੋਵੇਂ ਝੰਡੇ ਹੁਸ਼ਿਆਰਪੁਰ ਦੀ ਸ਼ਾਨ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਿਰੰਗੇ ਦੀ ਸ਼ਾਨ ਬਣਾਈ ਰੱਖਣ ਅਤੇ ਇਸ ਨੂੰ ਉੱਚਾ ਰੱਖਣ ਲਈ ਸਾਡੇ ਬਹਾਦਰ ਜਵਾਨਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਹਨ ਅਤੇ ਕਠਿਨਾਈਆਂ ਝੱਲੀਆਂ ਹਨ, ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਦੀ ਸ਼ਾਨ ਬਣਾਈ ਰੱਖੀਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀਆਂ ਦੋ ਪ੍ਰਮੁੱਖ ਥਾਵਾਂ 'ਤੇ ਲੱਗਣ ਵਾਲੇ ਇਹ ਤਿਰੰਗੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ।  ਉਨ੍ਹਾਂ ਕਿਹਾ ਕਿ ਪ੍ਰਭਾਤ ਚੌਕ ਸ਼ਹਿਰ ਦਾ ਉਹ ਤਿਕੋਣਾ ਪ੍ਰਮੁੱਖ ਸਥਾਨ ਹੈ, ਜਿਥੋਂ ਹਿਮਾਚਲ ਪ੍ਰਦੇਸ਼, ਜਲੰਧਰ, ਪਠਾਨਕੋਟ ਅਤੇ ਚੰਡੀਗੜ੍ਹ ਆਦਿ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਇਹ ਤਿਰੰਗਾ ਨਜ਼ਰ ਆਵੇਗਾ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਵੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਲਗਾਇਆ ਜਾ ਰਿਹਾ ਤਿਰੰਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਅਤੇ ਕੁਰਬਾਨੀਆਂ ਦੀ ਯਾਦ ਦਿਵਾਏਗਾ।
  ਇਸ ਮੌਕੇ ਉਨ੍ਹਾਂ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਟੇਟ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ, ਸੁਮੇਸ਼ ਸੋਨੀ, ਅਮਰਜੋਤ ਸੈਣੀ, ਮਹਿਲਾ ਵਿੰਗ ਦੇ ਪ੍ਰਧਾਨ ਮਨਜੋਤ ਕੌਰ, ਪ੍ਰੋ. ਬਹਾਦਰ ਸਿੰਘ ਸੁਨੇਤ ਤੋਂ ਇਲਾਵਾ ਕੌਂਸਲਰ ਸਾਹਿਬਾਨ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
ਫੋਟੋ ਕੈਪਸ਼ਨ :- ਪ੍ਰਭਾਤ ਚੌਕ ਵਿਖੇ ਰਾਸ਼ਟਰੀ ਝੰਡਾ ਲਗਾਏ ਜਾਣ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ। ਨਾਲ ਹਨ ਮੇਅਰ ਸੁਰਿੰਦਰ ਕੁਮਾਰ ਤੇ ਹੋਰ ਸ਼ਖਸੀਅਤਾਂ।