ਬਲਾਚੌਰ/ਨਵਾਂਸ਼ਹਿਰ 8 ਸਤੰਬਰ :- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ
ਰੌੜੀ ਨੇ ਪਿੰਡ ਬੱਲੋਵਾਲ ਸੌਖੜੀ ਵਿਖੇ ਲਗਾਏ ਗਏ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ
ਵਜੋਂ ਸ਼ਿਰਕਤ ਕੀਤੀ।
ਡਿਪਟੀ ਸਪੀਕਰ ਬੱਲੋਵਾਲ ਸੌਂਖੜੀ ਵਿਖੇ ਆਉਂਦੀ ਹਾੜ੍ਹੀ ਅਤੇ ਬਸੰਤ ਰੁੱਤ ਦੀਆਂ ਫ਼ਸਲਾਂ ਲਈ ਪੀ
ਏ ਯੂ ਦੇ ਡਾ. ਡੀ. ਆਰ ਭੂੰਬਲਾ ਖੇਤਰੀ ਖੋਜ ਕੇਂਦਰ ਵਿਖੇ ਲਾਏ ਗਏ ਕਿਸਾਨ ਮੇਲੇ ਅਤੇ
ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਲਾਚੌਰ ਸੰਤੋਸ਼
ਕਟਾਰੀਆ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਇੰਪਰੂਵਮੈਟ ਟਰੱਸਟ ਦੇ ਚੇਅਰਮੈਨ
ਸਤਨਾਮ ਸਿੰਘ ਜਲਵਾਹਾ ਵੀ ਮੌਜੂਦ ਸਨ।
ਡਿਪਟੀ ਸਪੀਕਰ ਨੇ ਕਿਹਾ ਕਿ ਇਸ ਮੇਲੇ ਵਿੱਚ ਜਿਥੇ ਆਧੁਨਿਕ ਸਮੇਂ ਦੇ ਵਿੱਚ
ਪ੍ਰਯੋਗ ਹੋਣ ਵਾਲੀਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਉਥੇ ਵਿਗਿਆਨਿਕ ਢੰਗ ਨਾਲ ਤਿਆਰ
ਕੀਤੇ ਬੀਜਾਂ ਦੇ ਪ੍ਰਯੋਗ ਅਤੇ ਦੇਖ-ਭਾਲ ਕਰਨ ਸਬੰਧ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ,
ਤਾਂ ਜੋ ਕਿਸਾਨ ਵੱਧ ਤੋਂ ਵੱਧ ਆਧੁਨਿਕ ਢੰਗ ਨਾਲ ਖੇਤੀ ਕਰਕੇ ਵਾਧੂ ਝਾੜ ਦਾ ਲਾਭ ਲੈ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼
ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਖੋਜ
ਕੇਂਦਰ ਵਿਖੇ ਵਿਗਿਆਨਿਕ ਖੁੱਦ ਨਵੇਂ ਨਵੇਂ ਬੀਜਾਂ ਰਾਹੀਂ ਬੁਆਈ ਕਰਦੇ ਹਨ ਅਤੇ ਵਿਗਿਆਨਿਕ
ਢੰਗ ਨਾਲ ਦੇਖ-ਭਾਲ ਕਰਕੇ ਨਵੀਆਂ ਤਕਨੀਕਾਂ ਦੀ ਖੋਜ ਕੀਤੀ ਜਾਂਦੀ ਹੈ। ਆਧੁਨਿਕ ਸਮੇਂ ਦੇ
ਵਿੱਚ ਜਿਸ ਹਿਸਾਬ ਨਾਲ ਪੋਣ ਪਾਣੀ ਬਦਲ ਰਿਹਾ ਹੈ, ਉਸੇ ਤਰ੍ਹਾਂ ਬਦਲਦੇ ਰੂਪ ਵਿੱਚ ਪਾਣੀ ਦੀ
ਮਾਤਰਾ ਅਤੇ ਬੁਆਈ ਦੇ ਸਮੇਂ ਲੱਗਣ ਵਾਲੇ ਖਰਚਿਆਂ ਨੂੰ ਵੀ ਘਟਾਇਆ ਜਾ ਰਿਹਾ ਹੈ। ਉਨ੍ਹਾਂ ਨੇ
ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੁੰਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਸਬਜ਼ੀ, ਫਲ ਤੇ ਦਾਲਾਂ ਪੈਦਾ ਕਰਨ ਲਈ ਪ੍ਰੇਰਿਤ ਕਰਦਿਆਂ ਬਦਲਵੀਆਂ
ਫ਼ਸਲਾਂ ਲਗਾਉਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਬੀਜਣ ਤੋਂ
ਪਹਿਲਾਂ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜਾਂਚ ਕਰਨ ਉਪਰੰਤ ਆਧੁਨਿਕ
ਢੰਗ ਨਾਲ ਫ਼ਸਲ ਦੀ ਬੁਆਈ ਕਰਨੀ ਚਾਹੀਦੀ ਹੈ।
ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ
ਮਿਲਾਉਣ ਦੀ ਲੋੜ ਹੈ ਜਿਸ ਨਾਲ ਮਿੱਟੀ ਵਿੱਚ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਕਿਹਾ ਕਿ
ਯੂਨੀਵਰਸਿਟੀ ਦਾ ਇਹ ਖੇਤਰੀ ਖੋਜ ਕੇਂਦਰ ਨਾ ਸਿਰਫ਼ ਖੇਤਰ ਲਈ ਢੁੱਕਵੀਆਂ ਤਕਨੀਕਾਂ ਦੇ ਵਿਕਾਸ
ਵਿੱਚ, ਸਗੋਂ ਕਿਸਾਨਾਂ ਤੱਕ ਇਨ੍ਹਾਂ ਤਕਨੀਕਾਂ ਦੇ ਪ੍ਰਸਾਰ ਲਈ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ,
ਜਿਸ ਦਾ ਸਬੂਤ ਇੱਥੇ ਕਿਸਾਨਾਂ ਦੇ ਵੱਡੇ ਇਕੱਠ ਤੋਂ ਮਿਲ ਰਿਹਾ ਹੈ।
ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦੇ
ਕਿਸਾਨ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਪੀ.ਏ.ਯੂ ਦੇ ਮੇਲਿਆਂ ਵਿਚ ਖੇਤੀ
ਬੀਜ, ਸਾਹਿਤ ਅਤੇ ਮਸ਼ੀਨਰੀ ਦੀ ਨਵੀਂ ਜਾਣਕਾਰੀ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਝੋਨੇ ਦੀ
ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਬਿਹਤਰ ਹੈ ਇਸ ਨਾਲ ਜ਼ਮੀਨ ਦੀ ਗੁਣਵੱਤਾ ਤਾਂ ਸੁਧਰਦੀ ਹੀ ਹੈ
ਅਤੇ ਨਾਲ ਹੀ ਵਾਤਾਵਰਨ ਵੀ ਠੀਕ ਰਹਿੰਦਾ ਹੈ।
ਇਸ ਦੌਰਾਨ ਕੇਂਦਰ ਦੇ ਵਿਦਿਆਰਥੀਆਂ ਨੇ ਭੱਗੜਾ ਵੀ ਪੇਸ਼ ਕੀਤਾ।ਇਸ ਤੌਰਾਨ ਵੱਡੀ ਪੱਧਰ ਤੇ ਸਵੈ
ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ
ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ, ਜਿਨ੍ਹਾਂ ਦਾ ਮੁੱਖ ਮਹਿਮਾਨ ਸ੍ਰੀ ਰੌੜੀ,
ਵਿਧਾਇਕਾ ਸੰਤੋਸ਼ ਕਟਾਰੀਆ ਤੇ ਹੋਰ ਸਖਸ਼ੀਅਤਾਂ ਨੇ ਜਾਇਜ਼ਾ ਵੀ ਲਿਆ ।
ਇਸ ਮੌਕੇ 'ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਜ਼ਿਲਾ
ਪ੍ਰਧਾਨ ਕਿਸਾਨ ਵਿੰਗ ਸੁਰਿੰਦਰ ਸਿੰਘ ਸੰਘਾ, ਮਨਦੀਪ ਸਿੰਘ ਅਟਵਾਲ ਸਟੇਟ ਜੁਆਇੰਟ ਸਕੱਤਰ ਯੂਥ
ਵਿੰਗ ਪੰਜਾਬ, ਯੁੱਧਵੀਰ ਕੰਗ ਯੂਥ ਪ੍ਰਧਾਨ ਰਾਹੋਂ, ਹਰਭਿੰਦਰ ਸਿੰਘ ਰਾਹੋਂ ਸੀਨੀਅਰ ਲੀਡਰ
ਤੋਂਭਾਰੀ ਸੰਖਿਆ ਦੇ ਵਿੱਚ ਕਿਸਾਨ ਅਤੇ ਪਿੰਡਾਂ ਦੇ ਵਸਨੀਕ ਮੌਜੂਦ ਸਨ।