ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਆਖਰੀ ਕਤਾਰ ਵਿਚ ਖੜ੍ਹੇ ਵਿਅਕਤੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 13 ਸਤੰਬਰ :  ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਜ਼ਿਲ੍ਹੇ ਵਿੱਚ 'ਆਯੂਸ਼ਮਾਨ ਭਵ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿਹਤ ਸਕੀਮਾਂ ਨੂੰ ਆਖਰੀ ਕਤਾਰ ਵਿਚ ਖੜ੍ਹੇ ਵਿਅਕਤੀਆ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ।
          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਸਮੇਤ ਸਿਹਤ ਅਧਿਕਾਰੀਆਂ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਵਰਚੂਅਲ ਤਰੀਕੇ ਨਾਲ 'ਆਯੂਸ਼ਮਾਨ ਭਵ' ਪ੍ਰੋਗਰਾਮ ਦੇ ਰਾਸ਼ਟਰ ਪੱਧਰੀ ਲਾਂਚਿੰਗ ਸਮਾਰੋਹ ਵਿੱਚ ਭਾਗ ਲਿਆ। ਇਸ ਮੌਕੇ ਟੀਬੀ ਦੀ ਬਿਮਾਰੀ ਨੂੰ ਸਾਲ 2025 ਤੱਕ ਦੇਸ਼ ਵਿਚੋਂ ਖਤਮ ਕਰਨ ਦੇ ਉਦੇਸ਼ ਨਾਲ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਵਧੀਕ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੇ ਮਰਨ ਉਪਰੰਤ ਆਪਣੇ ਸਰੀਰ ਦੇ ਅੰਗਦਾਨ ਕਰਨ ਦਾ ਪ੍ਰਣ ਵੀ ਲਿਆ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਯੁਸ਼ਮਾਨ ਭਵ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ 'ਆਯੂਸ਼ਮਾਨ ਆਪਕੇ ਦੁਆਰ', 'ਆਯੁਸ਼ਮਾਨ ਮੇਲਾ' ਅਤੇ 'ਆਯੂਸ਼ਮਾਨ ਸਭਾ' ਦਾ ਆਯੋਜਨ ਕੀਤਾ ਜਾਵੇਗਾ।  'ਆਯੂਸ਼ਮਾਨ ਆਪਕੇ ਦੁਆਰ' ਤਹਿਤ ਹਰ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 'ਆਯੂਸ਼ਮਾਨ ਮੇਲੇ' ਤਹਿਤ 17 ਤੋਂ 23 ਸਤੰਬਰ ਤੱਕ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗੈਰ-ਸੰਚਾਰੀ ਬਿਮਾਰੀ ਦੀ ਜਾਂਚ ਅਤੇ ਟੀਬੀ ਦੀ ਬਿਮਾਰੀ ਦੇ ਸ਼ੱਕੀਆਂ ਦੀ ਪਛਾਣ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਪਿੰਡ ਪੱਧਰੀ ਸਿਹਤ ਮੇਲੇ ਲਗਾਏ ਜਾਣਗੇ, ਜਿਨ੍ਹਾਂ ਵਿਚ ਸਰਕਾਰੀ ਸਿਹਤ ਸਹੂਲਤਾਂ ਦੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ, ਆਯੂਸ਼ਮਾਨ ਕਾਰਡ, ਟੀਕਾਕਰਨ ਅਤੇ ਟੀਬੀ ਮਰੀਜ਼ਾਂ ਦੀ ਪਛਾਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਸਿੱਖਿਆ ਵੀ ਦਿੱਤੀ ਜਾਵੇਗੀ।    ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਗ੍ਰਾਮ ਸਭਾਵਾਂ, ਜਿਨ੍ਹਾਂ ਵਿੱਚ 100 ਫੀਸਦੀ ਆਯੂਸ਼ਮਾਨ ਕਾਰਡ ਬਣ ਚੁੱਕੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਦਾ ਕੰਮ ਪੂਰਾ ਹੋ ਚੁੱਕਾ ਹੈ, ਉਨ੍ਹਾਂ ਗ੍ਰਾਮ ਸਭਾਵਾਂ ਨੂੰ ਆਯੁਸ਼ਮਾਨ ਗ੍ਰਾਮ ਸਭਾ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਵ ਪ੍ਰੋਗਰਾਮ ਤਹਿਤ 17 ਸਤੰਬਰ ਤੋਂ 02 ਅਕਤੂਬਰ 2023 ਤੱਕ ਸੇਵਾ ਪੰਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸਵੱਛਤਾ, ਖੂਨਦਾਨ ਅਤੇ ਅੰਗਦਾਨ ਕਰਨ ਸਮੇਤ ਮੁਫਤ ਸਰਕਾਰੀ ਸਿਹਤ ਸਹੂਲਤਾਂ ਨੂੰ ਪ੍ਰਮੋਟ ਕੀਤਾ ਜਾਵੇਗਾ।
          ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ, ਡਾ. ਗੁਰਪਾਲ ਕਟਾਰੀਆ, ਡਾ. ਨੀਨਾ ਸ਼ਾਂਤ, ਡਾ. ਬਰਿੰਦਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਵਿਕਾਸ ਅਗਰਵਾਲ, ਪੂਜਾ, ਸਮਾਜਸੇਵੀ ਰਤਨ ਜੈਨ, ਜੇ ਡੀ ਵਰਮਾ ਸਮੇਤ ਹੋਰ ਸਖਸ਼ੀਅਤਾਂ ਮੌਜੂਦ ਸਨ।