ਮੁਕੇਰੀਆਂ/ਹੁਸ਼ਿਆਰਪੁਰ, 15 ਸਤੰਬਰ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਮਾਧਵੀ ਕਟਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਹਰਦੀਪ ਕੌਰ ਵੱਲੋਂ ਆਈ.ਸੀ.ਡੀ,ਐਸ ਬਲਾਕ ਮੁਕੇਰੀਆਂ ਦੇ ਪਿੰਡ ਅਟੱਲਗੜ ਦੇ ਕਾਲਜ ਐਸ.ਬੀ.ਸੀ.ਐਮ.ਐਸ ਪੋਲੀਟੈਕਨਿਕ ਵਿੱਚ ਪੋਸ਼ਣ ਮਾਹ ਅਧੀਨ ਬਲਾਕ ਪੱਧਰੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੀ.ਡੀ.ਪੀ.ਓ ਮੁਕੇਰੀਆਂ ਵੱਲੋਂ ਸੰਤੁਲਿਤ ਖ਼ੁਰਾਕ , ਘੱਟ ਲਾਗਤ ਵਾਲੀਆਂ ਲੋਕਲ ਪੌਸ਼ਟਿਕ ਰੈਸਪੀਜ਼, ਕੁਪੋਸ਼ਿਤ ਬੱਚਿਆਂ ਦੀ ਸ਼ਨਾਖਤ ਲਈ ਬੱਚਿਆਂ ਦੀ ਗਰੋਥ ਮੋਨੀਟਰਿੰਗ ਅਤੇ ਅਨੀਮੀਆ ਦੀ ਰੋਕਥਾਮ ਬਾਰੇ ਪ੍ਰਦਰਸ਼ਨੀ ਲਗਾਈ ਗਈ। ਸਿਹਤ ਵਿਭਾਗ ਵੱਲੋਂ ਅਨੀਮੀਆਂ ਟੈਸਟਿੰਗ ਕੀਤੀ ਗਈ। ਵਨ ਵਿਭਾਗ ਵੱਲੋਂ ਫਲਦਾਰ, ਨਿਊਟਰੀਸ਼ਨਲ ਮਹੱਤਤਾ ਵਾਲੇ ਪੌਦੇ ਜਿਵੇਂ ਸੁਹਾਂਜਨਾ, ਸੁਖਚੈਨ ਆਦਿ ਵੰਡੇ ਗਏ। ਮਾਨਵਤਾ ਵੈਲਫੇਅਰ ਸੁਸਾਇਟੀ ਬੁੱਢਾਵੜ ਵੱਲੋ ਨਿੱਜੀ ਸਫਾਈ ਦੀ ਜਾਗਰੂਕਤਾ ਹਿੱਤ ਸੈਨੇਟਰੀ ਪੈਡਜ਼ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਰੋਹ ਦੇ ਆਰੰਭ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ: ਗੁਰਧਿਆਨ ਸਿੰਘ ਮੁਲਤਾਨੀ ਵੱਲੋਂ ਸਭ ਨੂੰ ਪੋਸ਼ਣ ਸਹੁੰ ਚੁਕਵਾਈ ਗਈ ਕਿ ਅਸੀ ਸਭ ਪੋਸ਼ਣ ਸਬੰਧੀ ਜਾਗਰੂਕਤਾ ਕਰਦੇ ਹੋਏ ਇਸ ਨੂੰ ਜਨ ਆਦੋਲਨ ਬਣਾਉਣ ਲਈ ਸਮਰਪਿਤ ਰਹਾਂਗੇ । ਸਮਾਰੋਹ ਵਿੱਚ ਗਰਭਵਤੀ ਔਰਤਾ ਲਈ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ 11 ਗਰਭਵਤੀ ਔਰਤਾਂ ਦੀ ਰਸਮੀ, ਸੁਪੋਸ਼ਣ ਗੋਦ ਭਰਾਈ ਕਰਵਾਈ ਗਈ ਅਤੇ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਖਾਣ ਬਾਰੇ ਪ੍ਰੇਰਿਤ ਕੀਤਾ ਗਿਆ। 6 ਮਹੀਨੇ ਦੀ ਉਮਰ ਵਾਲੇ 11 ਬੱਚਿਆ ਦਾ ਅੰਨਪ੍ਰਾਸ਼ਨ ਕਰਵਇਆ ਗਿਆ ਅਤੇ ਕਿਸ਼ੋਰ ਲੜਕੀਆਂ ਨੂੰ ਸੈਨੇਟਰੀ ਪੈਡ ਵੰਡਦੇ ਹੋਏ ਨਿੱਜੀ ਸਾਫ- ਸਫਾਈ ਬਾਰੇ ਜਾਗਰੂਕ ਕੀਤਾ ਗਿਆ । ਇਸ ਤੋ ਇਲਾਵਾ ਪੋਸ਼ਣ ਅਤੇ ਬੇਟੀ ਪੜ੍ਹਾਓ ਬੇਟੀ ਬਚਾਓ ਨਾਲ ਸਬੰਧਤ ਗਿੱਧੇ ਦੀਆਂ ਬੋਲੀਆਂ ਰਾਹੀਂ ਪੋਸ਼ਣ ਅਤੇ ਸਿਹਤ ਸਿੱਖਿਆ ਦਾ ਸੁਨੇਹਾ ਦਿੱਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਗਰਭਵਤੀ ਔਰਤਾਂ, ਬੱਚਿਆ ਅਤੇ ਕਿਸ਼ੋਰੀਆਂ ਲਈ ਲੋੜੀਂਦੀ ਸੰਤੁਲਿਤ ਖੁਰਾਕ ਦੀ ਮਹੱਤਤਾ ਅਤੇ ਸਿਹਤ ਸਿੱਖਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋ ਕਿਹਾ ਗਿਆ ਕਿ ਇਨ੍ਹਾਂ ਅਵਸਥਾਵਾਂ ਦੀਆਂ ਖੁਰਾਕ ਸਬੰਧੀ ਲੋੜਾਂ ਦੀ ਪੂਰਤੀ ਬਾਰੇ ਪੂਰੇ ਪਰਿਵਾਰ ਨੂੰ ਸੰਵੇਦਨਸ਼ੀਲ ਹੁੰਦੇ ਹੋਏ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਹਿਲੇ 5 ਸਾਲਾਂ ਵਿੱਚ ਬੱਚੇ ਦਾ 85 ਪ੍ਰਤੀਸ਼ਤ ਮਾਨਸਿਕ ਵਿਕਾਸ ਹੋ ਜਾਂਦਾ ਹੈ। ਸੀ.ਡੀ.ਪੀ.ਓ ਮੁਕੇਰੀਆਂ ਮੰਜੂ ਬਾਲਾ ਵੱਲੋਂ ਪਹਿਲੇ ਸੁਨਹਿਰੇ 1000 ਦਿਨ ਦੀ ਮਹੱਤਤਾ, ਅਨੀਮੀਆਂ ਦੀ ਰੋਕਥਾਮ ਅਤੇ ਦਸਤ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ । ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ ਜੋਆ ਸਿੱਦੀਕੀ (ਡੀ.ਡੀ.ਐਫ) ਵੀ ਸ਼ਾਮਲ ਹੋਏ । ਐਸ.ਬੀ.ਸੀ.ਐਮ.ਐਸ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਕਿਰਨ ਰਾਣਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।