ਬੰਗਾ 30 ਸਤੰਬਰ: ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖਰੇਖ ਹੇਠ ਆਯੂਸ਼ਮਾਨ ਭਵ: ਨੂੰ ਸਮਰਪਿਤ ਸਿਹਤ ਜਾਗਰੂਕਤਾ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਬਲਵੀਰ ਚੰਦ ਸਰਪੰਚ ਪਿੰਡ ਬਲਾਕੀਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੇਲੇ ਦੌਰਾਨ ਲੋਕਾਂ ਦੀ ਆਭਾ ਆਈਡੀ ਤੇ ਆਯੂਸ਼ਮਾਨ ਕਾਰਡ ਬਣਾਏ ਗਏ। ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਉਕਤ ਕਾਰਡਾਂ ਦੇ ਸਬੰਧ ਵਿੱਚ ਦੱਸਿਆ ਕਿ ਡਿਜੀਟਲ ਜ਼ਮਾਨੇ ਵਿੱਚ ਇਹ ਕਾਰਡ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਸਮਰੱਥ ਹਨ। ਆਯੂਸ਼ਮਾਨ ਕਾਰਡ ਇਕ ਤਰ੍ਹਾਂ ਦਾ ਸਿਹਤ ਬੀਮਾ ਹੈ ਜਿਸ 'ਤੇ ਪੰਜ ਲੱਖ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਤੋਂ ਇਲਾਵਾ ਜਨਰਲ ਚੈੱਕਅਪ ਦੇ ਨਾਲ ਗ਼ੈਰ ਸੰਚਾਰੀ ਬੀਮਾਰੀਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਬਲੱਡ ਪੈ੍ਸ਼ਰ, ਸ਼ੂਗਰ, ਗਲੇ ਅਤੇ ਬੱਚੇਦਾਨੀ ਆਦਿ ਦੇ ਕੈਂਸਰ ਸਬੰਧੀ ਵਿਸਥਾਰ ਨਾਲ ਲੋਕਾਂ ਨੂੰ ਸਮਝਾਇਆ ਗਿਆ। ਬਦਲਦੇ ਮੌਸਮ ਦੌਰਾਨ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੇ ਕਾਰਨਾਂ, ਇਲਾਜ਼ ਤੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡੇਂਗੂ ਦੀ ਬੀਮਾਰੀ ਸਮੇ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ ਆਦਿ ਲੱਛਣ ਉਤਪੰਨ ਹੁੰਦੇ ਹਨ। ਡੇਂਗੂ ਫ਼ੈਲਾਉਣ ਵਾਲਾ ਮੱਛਰ ਦਿਨ ਸਮੇਂ ਕੱਟਦਾ ਹੈ ਜਿਸ ਕਾਰਨ ਡੇਂਗੂ ਦੀ ਬੀਮਾਰੀ ਫ਼ੈਲਦੀ ਹੈ ਤੇ ਇਹ ਮੱਛਰ ਸਾਫ਼ ਪਾਣੀ 'ਤੇ ਜਿਆਦਾ ਪਲਦਾ ਹੈ। ਇਸ ਲਈ ਸਮੇ-ਸਮੇ 'ਤੇ ਕੂਲਰ, ਪਾਣੀ ਦੀ ਟੈਂਕੀ ਆਦਿ ਦੀ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਇਸ ਬੀਮਾਰੀ ਸਬੰਧੀ ਗਲਤਫ਼ਹਿਮੀਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਬਲਵੀਰ ਚੰਦ ਸਰਪੰਚ ਪਿੰਡ ਬਲਾਕੀਪੁਰ, ਆਸ਼ਾ ਵਰਕਰ ਹਰਜਿੰਦਰ ਕੌਰ, ਰੇਨੂੰ ਬਾਲਾ, ਗੁਰਪੀ੍ਤ ਕੌਰ, ਬੁੱਧ ਰਾਮ, ਦਰਸ਼ਨ ਰਾਮ, ਬਲਬੀਰ ਸਿੰਘ ਆਦਿ ਹਾਜ਼ਰ ਸਨ।