ਪਟਿਆਲਾ ਪੁਲਿਸ ਵੱਲੋਂ ਰਾਜਗੜ੍ਹ ਵਿੱਚ ਨਸ਼ਾ ਤਸਕਰ ਦੀ 33.27 ਲੱਖ ਰੁਪਏ ਦੀ ਜਾਇਦਾਦ ਜਬਤ
ਸਮਾਣਾ/ਪਟਿਆਲਾ, 22 ਸਤੰਬਰ: ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ
ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਨਸ਼ਾ
ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰਨ ਦੀ ਕਾਰਵਾਈ ਵਿੱਚ ਤੇਜੀ ਲਿਆਂਦੀ ਹੋਈ ਹੈ। ਇਹ ਜਾਣਕਾਰੀ
ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ
ਮਾਨ ਅਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੀਆਂ ਹਦਾਇਤਾਂ ਉਪਰ ਜ਼ਿਲ੍ਹੇ ਦੇ
ਪਿੰਡ ਰਾਜਗੜ੍ਹ ਵਿਖੇ ਨਸ਼ੇ ਵੇਚਕੇ ਬਣਾਈ ਗਈ ਜਾਇਦਾਦ ਜਬਤ ਕੀਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਐਸਪੀ ਡਿਟੈਕਟਿਵ ਹਰਵੀਰ ਸਿੰਘ ਅਟਵਾਲ ਤੇ
ਐਸਪੀ ਓਪਰੇਸ਼ਨ ਸੌਰਵ ਜਿੰਦਲ ਦੀ ਦੇਖ-ਰੇਖ ਹੇਠ ਥਾਣਾ ਪਸਿਆਣਾ ਦੀ ਪੁਲਿਸ ਨੇ ਡੀਐਸਪੀ ਸਮਾਣਾ
ਨੇਹਾ ਅਗਰਵਾਲ ਅਤੇ ਐਸਐਚਓ ਕਰਨਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਵਿੱਕੀ ਕੌਰ ਪਤਨੀ
ਬਲਕਾਰ ਸਿੰਘ ਵਾਸੀ ਰਾਜਗੜ੍ਹ ਵੱਲੋਂ ਨਸ਼ੇ ਵੇਚਕੇ ਬਣਾਈ ਗਈ ਜਾਇਦਾਦ, ਜਿਸਦੀ ਕੀਮਤ 33 ਲੱਖ
27 ਹਜਾਰ 50 ਰੁਪਏ ਹੈ, ਨੂੰ ਨਸ਼ੀਲੇ ਪਦਾਰਥਾਂ ਦੇ ਐਕਟ ਅਧੀਨ ਕਾਰਵਾਈ ਕਰਕੇ ਹੋਏ ਇਸ
ਪ੍ਰਾਪਰਟੀ ਨੂੰ ਯੋਗ ਅਥਾਰਟੀ ਤੋਂ ਜਬਤ ਕਰਨ ਦੇ ਹੁਕਮ ਹਾਸਲਕਰਕੇ ਕਾਇਦੇ ਅਨੁਸਾਰ ਜਬਤ ਕਰਨ
ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਜਬਤ ਕਰਨ ਦੇ
ਹੁਕਮ ਵਿੱਕੀ ਕੌਰ ਦੇ ਘਰ ਮੂਹਰੇ ਚਿਪਕਾਅ ਕੇ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੱਤੀ ਗਈ
ਕਿ ਉਹ ਕਾਲੇ ਕਾਰੋਬਾਰ ਨੂੰ ਛੱਡਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ ਨਹੀਂ ਤਾਂ ਪੁਲਿਸ
ਵੱਲੋਂ ਭਵਿੱਖ ਵਿੱਚ ਹੋਰ ਵੀ ਅਜਿਹੀਆਂ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ।