ਪਟਿਆਲਾ, 25 ਸਤੰਬਰ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ
ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੇ ਨਵੀਨੀਕਰਨ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ
ਦੱਸਿਆ ਕਿ ਸੂਬੇ ਵਿੱਚ ਸਾਰੇ
ਜ਼ਿਲ੍ਹਾ ਹਸਪਤਾਲਾਂ ਨੂੰ ਨਵਾਂ ਰੂਪ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ
ਪੰਜਾਬ ਸਰਕਾਰ ਵੱਲੋਂ ਇੱਕ ਯੋਜਨਾ ਉਲੀਕੀ ਗਈ ਹੈ, ਜਿਸ ਦੀ ਸ਼ੁਰੂਆਤ ਪਟਿਆਲਾ ਦੇ ਮਾਤਾ
ਕੌਸ਼ੱਲਿਆ ਹਸਪਤਾਲ ਤੋਂ ਕੀਤੀ ਗਈ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ
ਵਿਵੇਕ ਪ੍ਰਤਾਪ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪਰਦੀਪ ਅਗਰਵਾਲ, ਸਿਹਤ
ਮੰਤਰੀ ਦੇ ਸਲਾਹਕਾਰ ਡਾ. ਸੁਧੀਰ ਵਰਮਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਨਾਲ ਲੈਕੇ ਮਾਤਾ
ਕੌਸ਼ੱਲਿਆ ਹਸਪਤਾਲ ਦਾ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ
ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ, ਏ.ਡੀ.ਸੀ. ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ.
ਰਾਮਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ. ਜਗਪਾਲ ਇੰਦਰ ਸਿੰਘ, ਲੋਕ ਨਿਰਮਾਣ, ਜਨ ਸਿਹਤ ਸਮੇਤ
ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਦੱਸਿਆ ਕਿ ਐਮਰਜੈਂਸੀ ਸਿਹਤ ਸੇਵਾਵਾ ਨੂੰ ਮਜ਼ਬੂਤ ਕਰਦੇ ਹੋਏ ਮਾਤਾ ਕੌਸ਼ੱਲਿਆ
ਹਸਪਤਾਲ 'ਚ 60 ਬੈਡ ਹੋਰ ਵਧਾਏ ਗਏ ਹਨ, ਇੱਥੇ ਆਈ.ਸੀ.ਯੂ., ਐਚ.ਡੀ.ਯੂ., ਨਵਜਨਮੇ ਬੱਚਿਆਂ
ਲਈ ਨਿੱਕੂ ਤੇ ਪਿੱਕੂ, ਐਨ.ਐਨ.ਸੀ.ਯੂ. ਸੈਂਟਰ ਵੀ ਮਰੀਜਾਂ ਨੂੰ ਬਿਹਤਰ ਸਿਹਤ ਸੇਵਾਵਾਂ
ਪ੍ਰਦਾਨ ਕਰਨਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਤਹਿਤ ਚਾਰ ਸਰਕਾਰੀ ਹਸਪਤਾਲਾਂ, ਪਟਿਆਲਾ,
ਫਰੀਦਕੋਟ, ਸੰਗਰੂਰ ਅਤੇ ਧੂਰੀ 'ਤੇ ਅਧਾਰਤ, ਉਲੀਕੀ ਵਿਆਪਕ ਰੂਪ-ਰੇਖਾ ਤਹਿਤ ਸੂਬੇ ਦੇ ਬਾਕੀ
ਹਸਪਤਾਲਾਂ ਵਿੱਚ ਵੀ ਮਰੀਜ਼-ਅਨੁਕੂਲ ਮਾਹੌਲ ਸਿਰਜਣ ਲਈ ਸੁਹਜਾਤਮਕ ਸੁਧਾਰ, ਇੱਕਸਾਰ
ਬ੍ਰਾਂਡਿੰਗ, ਅਲਟਰਾਮਾਡਰਨ ਤੇ ਨਵੀਂ ਦਿੱਖ ਪ੍ਰਦਾਨ ਕਰਨ ਲਈ ਕੰਮ ਤੇਜੀ ਨਾਲ ਕੀਤਾ ਜਾ ਰਿਹਾ
ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਓਪੀਡੀ ਤੇ ਐਮਰਜੈਂਸੀ ਸੈਕਸ਼ਨਾਂ ਦੇ
ਨਾਲ-ਨਾਲ ਮਰੀਜਾਂ ਪੱਖੀ ਸਿਹਤ ਸਹੂਲਤਾਂ ਜਿਵੇਂ ਕਿ ਮਾਡਿਊਲਰ ਅਪਰੇਸ਼ਨ ਥੀਏਟਰ, ਹਸਪਤਾਲ ਦੇ
ਸੁੰਦਰੀਕਰਨ, ਵੇਟਿੰਗ ਏਰੀਆ, ਹੈਲਪ ਡੈਸਕ, ਪਾਰਕਿੰਗ ਸੁਵਿਧਾਵਾਂ, ਸੋਲਰ ਪੈਨਲ ਸੀਵਰੇਜ
ਸਿਸਟਮ ਅਤੇ ਸੈਨੀਟੇਸ਼ਨ ਨੂੰ ਵੀ ਅਪਗ੍ਰੇਡ ਕਰਨ ਕੀਤਾ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਲੋਕਾਂ
ਨੂੰ ਬਿਹਤਰ ਸਿਹਤ ਸੇਵਾਵਾਂ ਤੇ ਹੰਗਾਮੀ ਹਾਲਤ ਸਮੇਂ ਮੈਡੀਕਲ ਸਹਾਇਤਾ ਉਨ੍ਹਾਂ ਦੇ ਘਰਾਂ ਦੇ
ਨੇੜੇ ਹੀ ਤੁਰੰਤ ਪ੍ਰਦਾਨ ਹੋਣ, ਜਿਸ ਕਰਕੇ ਰਾਜਿੰਦਰਾ ਹਸਪਤਾਲ ਵਰਗੇ ਵੱਡੇ ਹਸਪਤਾਲਾਂ ਤੋਂ
ਇਲਾਵਾ ਜ਼ਿਲ੍ਹਾ ਹਸਪਤਾਲਾਂ ਸਮੇਤ ਕਮਿਉਨਿਟੀ ਹੈਲਥ ਸੈਂਟਰਾਂ ਵਿਖੇ ਵੀ ਐਮਰਜੈਂਸੀ ਸੇਵਾਵਾਂ
ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।