ਕੈਬਨਿਟ ਮੰਤਰੀ ਨੇ ਸਿਵਲ ਸਰਜਨ ਦਫ਼ਤਰ 'ਚ 23 ਫਾਰਮਾਸਿਸਟਾਂ ਨੂੰ ਸੌਂਪੇ ਇੰਪੈਨਲਮੈਂਟ ਲੈਟਰ
ਹੁਸ਼ਿਆਰਪੁਰ, 8 ਸਤੰਬਰ:ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ
ਮੰਤਰੀ ਪੰਜਾਬ ਭਗਵੰਤ ਸਿੰਘ
ਮਾਨ ਦੀ ਅਗਵਾਈ ਵਿਚ ਪੰਜਾਬ ਨੂੰ ਇਕ ਨਵੀਂ ਦਿਸ਼ਾ ਮਿਲੀ ਹੈ ਅਤੇ ਸੂਬਾ ਹਰ ਖੇਤਰ ਵਿਚ ਹੁਣ
ਤਰੱਕੀ ਦੀ ਰਾਹ 'ਤੇ ਹੈ। ਉਨ੍ਹਾਂ ਕਿਹਾ ਕਿ ਕੇਵਲ ਡੇਢ ਸਾਲ ਤੋਂ ਘੱਟ ਸਮੇਂ ਵਿਚ ਪੰਜਾਬ
ਸਰਕਾਰ ਨੇ 30 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਹ ਸਿਵਲ ਸਰਜਨ ਦਫ਼ਤਰ
ਵਿਚ ਆਮ ਆਦਮੀ ਕਲੀਨਿਕਾਂ ਨੂੰ ਹੋਰ ਬਿਹਤਰ ਬਣਾਉਣ ਲਈ 23 ਫਾਰਮਾਸਿਸਟਾਂ ਨੂੰ ਇੰਪੈਨਲਮੈਂਟ
ਲੈਟਰ ਪ੍ਰਦਾਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਕਤ ਫਾਰਮਾਸਿਸਟ ਜਿਥੇ ਪਹਿਲਾਂ ਤੋਂ ਹੀ
ਜ਼ਿਲ੍ਹਾ ਪ੍ਰੀਸਦ ਵਿਚ ਫਾਰਮਾਸਿਸਟ ਵਜੋਂ ਕੰਮ ਕਰ ਰਹੇ ਸਨ, ਉਥੇ ਹੁਣ ਉਨ੍ਹਾਂ ਨੂੰ ਆਮ ਆਦਮੀ
ਕਲੀਨਿਕਾਂ ਵਿਚ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਆਮ ਆਦਮੀ ਕਲੀਨਿਕ ਪਹਿਲਾਂ ਤੋਂ ਵੀ ਵਧੀਆ
ਢੰਗ ਨਾਲ ਚਲਾਏ ਜਾ ਸਕਣ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ
ਮੇਅਰ ਪ੍ਰਵੀਨ ਸੈਣੀ ਅਤੇ ਸਿਵਲ ਸਰਜਨ ਡਾ. ਬੁਲਵਿੰਦਰ ਕੁਮਾਰ ਡੁਮਾਣਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਫਾਰਮਾਸਿਸਟਾਂ ਨੂੰ ਮਿਹਨਤ ਅਤੇ ਲਗਨ ਨਾਲ ਨਵੀਂ ਜਿੰਮੇਵਾਰੀ
ਨਿਭਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਾਪਿਤ ਆਮ ਆਦਮੀ
ਕਲੀਨਿਕਾਂ ਵਿਚ ਹੁਣ ਤੱਕ 30 ਲੱਖ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ
ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਜਿਥੇ ਸਿਵਲ ਹਸਪਤਾਲਾਂ ਦਾ ਬੋਝ ਘੱਟ ਹੋਇਆ ਹੈ,
ਉਥੇ ਛੋਟੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸੇਵਾਵਾਂ
ਮੁਹੱਈਆ ਹੋ ਰਹੀਆਂ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ
ਡਾ. ਲਖਬੀਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਪਸਤਾਲ ਡਾ. ਸਵਾਤੀ ਸ਼ੀਮਾਰ,
ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ,
ਡੀ.ਪੀ.ਐਮ ਮੁਹੰਮਦ ਆਸਿਫ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।