-ਫ਼ੀਲਖਾਨਾ ਸਕੂਲ 'ਚ ਵਿਦਿਆਰਥੀ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤਕਨੀਕ ਦੇ ਰੂਬਰੂ
-ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਨੂੰ ਬਾਕੀ ਸਕੂਲਾਂ 'ਚ ਵੀ ਲਿਜਾਇਆ ਜਾਵੇਗਾ-ਸਾਕਸ਼ੀ ਸਾਹਨੀ
ਪਟਿਆਲਾ, 20 ਸਤੰਬਰ:ਗੂਗਲ ਦੀ ਆਰਟੀਫੀਸ਼ਲ ਇੰਟੈਲੀਜੈਂਸ 'ਤੇ ਅਧਾਰਤ ਐਪ 'ਗੂਗਲ ਰੀਡ ਅਲੌਂਗ' ਦਾ ਇੱਥੇ ਸਰਕਾਰੀ ਸਕੂਲ ਆਫ਼ ਐਮੀਨੈਂਸ, ਫੀਲਖਾਨਾ ਵਿਖੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਪ੍ਰੀਖਣ ਸਫ਼ਲ ਰਿਹਾ। ਸਕੂਲੀ ਵਿਦਿਆਰਥੀਆਂ ਲਈ ਆਧੁਨਿਕ ਤਕਨਾਲੋਜੀ ਉਤੇ ਅਧਾਰਤ ਵਿੱਦਿਅਕ ਮੌਕੇ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨਿਵੇਕਲੀ ਪਹਿਲਕਦਮੀ ਤਹਿਤ ਜਲਦ ਹੀ ਗੂਗਲ ਨਾਲ ਇੱਕ ਸਮਝੌਤਾ ਕੀਤਾ ਜਾਵੇਗਾ।
ਫ਼ੀਲਖਾਨਾ ਐਮੀਨੈਂਸ ਸਕੂਲ ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੂਗਲ ਰੀਡ ਅਲੌਂਗ ਐਪ ਦੇ ਨਾਲ ਅੰਗਰੇਜ਼ੀ ਭਾਸ਼ਾ 'ਚ ਕਹਾਣੀਆਂ ਪੜ੍ਹੀਆਂ। ਐਪ ਵਿਚਲੀ ਆਰਟੀਫੀਸ਼ਲ ਇੰਟੈਲੀਜੈਂਸ ਤਕਨੀਕ ਨੇ ਵਿਦਿਆਰਥੀਆਂ ਨਾਲ ਗੱਲਾਂ ਕਰਕੇ ਉਨ੍ਹਾਂ ਨੂੰ ਅੰਗਰੇਜੀ ਸਪੈਲਿੰਗਜ਼ ਦਾ ਸਹੀ ਉਚਾਰਨ ਤੇ ਵਾਕ ਬਣਤਰ ਸਮੇਤ ਗਰਾਮਰ ਵੀ ਸਿਖਾਈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਪ੍ਰੀਖਣ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਇਸ ਨਿਵੇਕਲੀ ਪਹਿਲਕਦਮੀ ਹੇਠਲੇ ਲਰਨਿੰਗ ਵਿਦ ਪਲੇਅ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਬਾਅਦ ਟੈਕਸਟ-ਟੂ-ਸਪੀਚ ਅਤੇ ਅਵਾਜ਼ ਪਛਾਣ ਤਕਨੀਕ ਵਾਲੀ ਗੂਗਲ ਰੀਡ ਅਲੌਂਗ ਐਪ ਦੀ ਵਰਤੋਂ ਨੂੰ ਬਾਕੀ ਸਕੂਲਾਂ ਵਿੱਚ ਵੀ ਲਿਜਾਇਆ ਜਾਵੇਗਾ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਅੱਜ ਕੁਝ ਸੁਝਾਉ ਵੀ ਦਿੱਤੇ ਹਨ, ਇਸ ਐਪ ਵਿੱਚ ਬਹੁਤ ਜਲਦ ਪੰਜਾਬੀ ਭਾਸ਼ਾ ਵੀ ਐਡ ਕੀਤੀ ਜਾਵੇਗੀ ਕਿਉਂਕਿ ਹਾਲੇ ਇਸ ਵਿੱਚ ਅੰਗਰੇਜੀ ਤੇ ਹਿੰਦੀ ਭਾਸ਼ਾ ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਸਿੱਖਣ ਵਾਲੇ ਬੱਚਿਆਂ ਦਾ ਸਕਰੀਨ ਟਾਈਮ ਵੀ ਮੋਨੀਟਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਹੱਤਵਪੂਰਨ ਐਪਲੀਕੇਸ਼ਨ ਵਿਦਿਆਰਥੀਆਂ ਦੇ ਪੜ੍ਹਨ ਦੇ ਹੁਨਰ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ ਅਤੇ ਇਸ ਨਾਲ ਸਾਡੇ ਵਿਦਿਆਰਥੀ ਆਲ-ਰਾਊਂਡਰ ਬਣਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਆਈ ਟੈਕਨਾਲੋਜੀ ਵਿੱਚ ਨਵੀਨਤਮ ਤਰੱਕੀ ਦੇ ਨਾਲ ਤਿਆਰ ਕੀਤਾ ਗੂਗਲ ਰੀਡ ਅਲੌਂਗ ਐਪ, ਵਿਦਿਆਰਥੀਆਂ ਵਿੱਚ ਸਾਖਰਤਾ ਅਤੇ ਪੜ੍ਹਨ ਦੇ ਹੁਨਰ ਨੂੰ ਬਿਹਤਰ ਬਣਾਉਣ ਦਾ ਇੱਕ ਦਿਲਚਸਪ ਮੌਕਾ ਪੇਸ਼ ਕਰੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਡੀ.ਡੀ.ਐਫ. ਅਮਰ ਬੰਦੋਪਾਧਿਆ, ਡਿਪਟੀ ਡੀ.ਈ.ਓਜ਼ ਰਵਿੰਦਰ ਪਾਲ ਸਿੰਘ ਤੇ ਮਨਵਿੰਦਰ ਕੌਰ ਭੁੱਲਰ, ਸਕੂਲ ਦੇ ਮੁਖੀ ਡਾ. ਰਜਨੀਸ਼ ਗੁਪਤਾ ਤੇ ਅਧਿਆਪਕ ਵੀ ਹਾਜ਼ਰ ਸਨ।