-28 ਤੋਂ 30 ਸਤੰਬਰ ਤੱਕ ਹੋਣ ਵਾਲੇ ਇਨਕਲਾਬ ਫੈਸਟੀਵਲ ਸਬੰਧੀ ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਕੀਤੀ ਮੀਟਿੰਗ
ਨਵਾਂਸ਼ਹਿਰ, 19 ਸਤੰਬਰ: ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਖਟਕੜ ਕਲਾਂ ਵਿਖੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੇ ਕਰਵਾਏ ਜਾਣ ਵਾਲੇ ਇੰਨਕਲਾਬ ਫੈਸਟੀਵਲ ਦੀਆਂ ਤਿਆਰੀਆਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਿਸ਼ੇਸ਼ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਮੌਕੇ 'ਤੇ ਜਾਇਜ਼ਾ ਲੈਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਅਧਿਕਾਰੀ ਆਪਸੀ ਤਾਲਮੇਲ ਅਤੇ ਯੋਜਨਾਬੱਦ ਤਰੀਕੇ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ। ਉਨ੍ਹਾਂ ਕਿਹਾ ਕਿ ਇਨਕਲਾਬ ਫੈਸਟੀਵਲ ਨੂੰ ਇਕ ਮੇਲੇ ਦੀ ਦਿਖ ਦੇ ਰੂਪ ਵਿੱਚ ਮਨਾਇਆ ਜਾਵੇਗਾ, ਜਿਸਦੇ ਵਿੱਚ 28 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਉਣ ਦੀ ਵੀ ਤਜਵੀਜ਼ ਹੈ। ਇਸ ਲਈ ਹਰ ਪੱਖ ਤੋਂ ਤਿਆਰੀਆਂ ਕੀਤੀਆਂ ਜਾਣ, ਤਾਂ ਜੋ ਫੈਸਟੀਵਲ ਵਾਲੇ ਦਿਨ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਇਸ ਫੈਸਟੀਵਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਾਗਰਿਕਾਂ ਦੇ ਆਉਣ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਉਨ੍ਹਾਂ ਦੇ ਬੈਠਣ ਲਈ ਵਿਸ਼ਾਲ ਪੰਡਾਲ, ਪਾਰਕਿੰਗ, ਖਾਣ-ਪੀਣ ਦੇ ਪ੍ਰਬੰਧ ਅਤੇ ਰਸਤਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਕੇ ਕੰਮ ਸ਼ੁਰੂ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਤਿੰਨਾਂ ਦਿਨਾਂ ਦੇ ਦੌਰਾਨ ਪ੍ਰਸਿੱਧ ਪੰਜਾਬੀ ਕਲਾਕਾਰ ਜਸਵੀਰ ਜੱਸੀ, ਹਰਭਜਨ ਮਾਨ ਅਤੇ ਸੁਲਤਾਨਾਂ ਨੂਰਾਂ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਕਲਾਕਾਰ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਇਸ ਦੌਰਾਨ ਬੱਚਿਆਂ ਦੇ ਲਈ ਝੂਲੇ, ਜਾਦੂਗਰ ਸ਼ੋਅ, ਖਾਣ-ਪੀਣ ਦੇ ਸਟਾਲ ਖਿੱਚ ਦਾ ਕੇਂਦਰ ਹੋਣਗੇ ਅਤੇ ਖਟਕੜ ਕਲਾਂ ਵਿਖੇ ਨਵੀਂ ਬਣਾਈ ਜਾਣ ਵਾਲੀ ਹੈਰੀਟੇਜ਼ ਸਟ੍ਰੀਟ ਅਤੇ ਅਪਗ੍ਰੇਡ ਕੀਤੇ ਗਏ ਸ਼ਹੀਦ-ਏ-ਆਜ਼ਮ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਪ੍ਰਸਿੱਧ ਕਲਾਕਾਰ ਜਸਵੀਰ ਜੱਸੀ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਇਸ ਤੋਂ ਇਲਾਵਾ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਵਲੋਂ ਡਾਂਸ ਪ੍ਰੋਗਰਾਮ ਸਮੇਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਜੀਵਨੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਜਾਣਗੇ। 29 ਸਤੰਬਰ ਨੂੰ ਗੀਤਕਾਰ ਸ. ਵੀਰ ਸਿੰਘ ਅਤੇ ਸੁਲਤਾਨਾ ਨੂਰਾ ਵੱਖ-ਵੱਖ ਸਮੇਂ ਦੌਰਾਨ ਆਪਣੀ ਗਾਇਕੀ ਦੇ ਨਾਲ ਰੰਗ ਬੰਨਣਗੇ। ਇਸ ਤੋਂ ਇਲਾਵਾ ਖੇਡਾਂ, ਫੁੱਲਾਂ ਦੇ ਗੁਲਦਸਤਿਆਂ ਦੀ ਪੇਸ਼ਕਾਰੀ, ਅਕਾਲ ਅਕੈਡਮੀ ਗਤਕਾ, ਪੰਜਾਬੀ ਸਭਿਆਚਾਰ ਤੇ ਫੈਸ਼ਨ ਸ਼ੋਅ, ਭੰਗੜਾ ਅਤੇ ਗਿੱਧਾ ਦੀ ਪੇਸ਼ਕਾਰੀ ਵੀ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੀਤੀ ਜਾਵੇਗੀ। 30 ਸਤੰਬਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਕੁਇੰਜ ਮੁਕਾਬਲੇ, ਡਾਂਸ ਦੇ ਮੁਕਾਬਲਿਆਂ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਹਰਭਜਨ ਮਾਨ ਆਪਣੀ ਗੀਤਕਾਰੀ ਪੇਸ਼ ਕਰਨਗੇ।
ਇਸ ਮੌਕੇ 'ਤੇ ਐਸ.ਡੀ.ਐਮ ਬੰਗਾ ਮਨਰੀਤ ਰਾਣਾ, ਪੰਜਾਬ ਗੁਡ ਗਵਰਨਸ ਫੈਲੋ ਸੰਜਨਾ ਸਕਸੈਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।