35 ਸਾਲ ਦੀ ਬੇਦਾਗ ਸਰਵਿਸ ਉਪਰੰਤ ਹੋਏ ਸੇਵਾਮੁਕਤ
ਹੁਸ਼ਿਆਰਪੁਰ, 30 ਸਤੰਬਰ : ਜ਼ਿਲਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ ਵਿਖੇ ਤਾਇਨਾਤ ਸਟੇਜ ਮਾਸਟਰ ਸੂਰਜ ਮੋਹਨ ਅੱਜ ਆਪਣੀ ਵਿਭਾਗ ਵਿਚ ਕਰੀਬ 35 ਸਾਲ ਦੀ ਬੇਦਾਗ ਸੇਵਾ ਉਪਰੰਤ ਸੇਵਾਮੁਕਤ ਹੋ ਗਏ, ਜਿਨ੍ਹਾਂ ਦੇ ਸਨਮਾਨ ਵਿਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਹਰਦੇਵ ਸਿੰਘ ਆਸੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਸੀਨੀਅਰ ਸਹਾਇਕ ਵਿਜੈ ਕੁਮਾਰ, ਕਮਲਜੀਤ ਕੁਮਾਰ, ਹਣਦੀਪ ਕੁਮਾਰ ਅਤੇ ਸ਼ਮ੍ਹਾ ਦੇਵੀ ਹਾਜ਼ਰ ਸਨ।
ਵਿਦਾਇਗੀ ਪਾਰਟੀ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਰਦੇਵ ਸਿੰਘ ਆਸੀ ਨੇ ਦੱਸਿਆ ਕਿ ਸੂਰਜ ਮੋਹਨ ਬਹੁਤ ਹੀ ਮਿਹਨਤੀ, ਸਮੇਂ ਦੇ ਪਾਬੰਦ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਇਲਾਵਾ ਜੋ ਵੀ ਦਫ਼ਤਰੀ ਕੰਮ ਸੌਂਪਿਆ ਗਿਆ, ਉਨ੍ਹਾਂ ਬੜੀ ਮਿਹਨਤ, ਪ੍ਰਤੀਬੱਧਤਾ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਸੇਵਾਕਾਲ ਦੌਰਾਨ ਉਨਾਂ ਕਦੇ ਵੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਅਤੇ ਇੰਨੀ ਲੰਬੀ ਬੇਦਾਗ ਸਰਵਿਸ ਬੇਹੱਦ ਮਾਅਨੇ ਰੱਖਦੀ ਹੈ। ਉਨਾਂ ਕਿਹਾ ਕਿ ਸੂਰਜ ਮੋਹਨ ਦੇ ਸੇਵਾਮੁਕਤ ਹੋਣ ਤੋਂ ਬਾਅਦ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।
ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਨੇ ਇਸ ਮੌਕੇ ਕਿਹਾ ਕਿ ਸੂਰਜ ਮੋਹਨ ਉਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਹੈ ਅਤੇ ਇਸ ਦੌਰਾਨ ਉਹ ਉਨ੍ਹਾਂ ਦੀ ਕੰਮ ਪ੍ਰਤੀ ਲਗਨ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ ਜੋ ਵੀ ਕੰਮ ਦਿੱਤਾ ਜਾਂਦਾ ਸੀ ਉਹ ਹਮੇਸ਼ਾ ਉਸ ਨੂੰ ਪੂਰਾ ਕਰਕੇ ਹੀ ਮੁੜਦੇ ਸਨ। ਆਪਣੇ ਇਸੇ ਗੁਣ ਕਾਰਨ ਉਹ ਸਟਾਫ ਦੇ ਬਾਕੀ ਸਾਥੀਆਂ ਲਈ ਵੀ ਮਿਸਾਲ ਬਣੇ ਹਨ।
ਇਸ ਮੌਕੇ ਭਾਸ਼ਾ ਵਿਭਾਗ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜ਼ਿਲ੍ਹਾ ਖੋਜ਼ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਬੇਦਾਗ ਅਤੇ ਸਿਹਤਮੰਦ ਰਹਿੰਦਿਆਂ ਸੇਵਾ ਮੁਕਤ ਹੋਣਾ ਬਹੁਤ ਵੱਡੀ ਗੱਲ ਹੈ, ਜਿਸ ਲਈ ਸੂਰਜ ਮੋਹਨ ਵਧਾਈ ਦੇ ਪਾਤਰ ਹਨ। ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਇਸ ਮੌਕੇ ਉਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੂਰਜ ਮੋਹਨ ਦੀ ਧਰਮ ਪਤਨੀ ਮੋਨਿਕਾ ਰਾਣੀ, ਪੁੱਤਰ ਰਜਤ ਸ਼ਾਰਦਾ ਤੋਂ ਇਲਾਵਾ ਕੇਸੀ ਮੈਕਗਲਨ, ਨਰਿੰਦਰ ਕੌਸ਼ਲ, ਕਮਲਜੀਤ ਸ਼ਰਮਾ, ਚੇਤਨ ਸ਼ਰਮਾ, ਸੁਨੀਲ ਸ਼ਰਮਾ, ਗੌਤਮ ਕੌਸ਼ਲ ਅਤੇ ਅਮਿਤ ਸ਼ਰਮਾ ਹਾਜ਼ਰ ਸਨ।
ਫੋਟੋ ਕੈਪਸ਼ਨ : -ਵਿਦਾਇਗੀ ਪਾਰਟੀ ਮੌਕੇ ਸੂਰਜ ਮੋਹਨ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ , ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਅਤੇ ਸਟਾਫ ਮੈਂਬਰ।