ਸੀਵਰੇਜ ਦੇ ਮੇਨ ਹੋਲ ਦੀ ਸਮੱਸਿਆ ਦਾ ਹੱਲ ਹੋਣ ਤੇ ਮੁਹੱਲਾ ਵਾਸੀਆਂ ਵਲੋਂ ਕੌਂਸਲਰ ਦਾ ਧੰਨਵਾਦ ਕੀਤਾ।


ਨਵਾਂਸ਼ਹਿਰ 22 ਸਤੰਬਰ : ਬੀਤੇ ਕੁਝ ਦਿਨ ਪਹਿਲਾਂ ਮੁਹੱਲਾ ਗੁਰੂ ਨਾਨਕ ਨਗਰ ਵਿਖੇ ਸੀਵਰੇਜ ਦੇ ਖੁੱਲ੍ਹੇ ਪਏ ਮੇਨ ਹੋਲ ਨੂੰ ਲੈ ਕੇ ਵੱਖ ਵੱਖ ਪ੍ਰਿੰਟ ਮੀਡੀਆ ਵਿੱਚ ਮਿਉਂਸਪਲ ਕਮੇਟੀ ਦੇ ਵਿਕਾਸ ਕਾਰਜਾਂ ਦੀ ਪੋਲ ਖੁੱਲਦਿਆਂ ਹੀ ਕਮੇਟੀ ਘਰ ਦਾ ਅਮਲਾਂ ਤੇ ਸਬੰਧਤ ਵਾਰਡ ਦੇ ਕੌਂਸਲਰ ਨੇ ਤੁਰੰਤ ਪ੍ਰਭਾਵ ਹੇਠ ਹਰਕਤ ਵਿੱਚ ਆਉਂਦਿਆਂ ਹੀ ਸੀਵਰੇਜ ਦੇ ਮੇਨ ਹੋਲ ਨੂੰ ਠੀਕ ਕਰਨ ਦੀ ਪਹਿਲ ਕਦਮੀ ਕੀਤੀ। ਕਮੇਟੀ ਘਰ ਦੀ ਅਜਿਹੇ ਪ੍ਰਬੰਧ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਸਤੁੰਸ਼ਟੀ ਜ਼ਾਹਰ ਕੀਤੀ ਤੇ ਕੌਂਸਲਰ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਆਸ ਜਤਾਈ। ਕੌਂਸਲਰ ਤੇ ਕਮੇਟੀ ਪ੍ਰਧਾਨ ਸਚਿਨ ਦੀਵਾਨ ਵਲੋਂ ਚਲਦੇ ਹੋਏ ਕਾਰਜਾਂ ਦਾ ਮੌਕੇ ਤੇ ਦੌਰਾ ਕਰ ਨਿਰੀਖਣ ਕੀਤਾ ਤੇ ਦਸਿਆ ਗਿਆ ਕਿ ਕਮੇਟੀ ਘਰ ਵਲੋਂ ਇਲਾਕੇ ਦੇ ਸੀਵਰੇਜ ਦੀ ਸਫਾਈ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਜੋ ਜਲਦ ਪੂਰਾ ਹੋ ਜਾਵੇਗਾ।ਇਸ ਮੌਕੇ ਤੇ ਮੁਹੱਲੇ ਦੇ ਲੋਕਾਂ ਨੇ ਉਹਨਾਂ ਤੋਂ ਮੁਹੱਲੇ ਦੀ ਖ਼ਸਤਾ ਹਾਲਤ ਦੀ ਗਲੀ ਨੂੰ ਦੁਬਾਰਾ ਬਣਾਉਣ ਦੀ ਮੰਗ ਕੀਤੀ ਤੇ ਕੌਂਸਲਰ ਨੇ ਉਹਨਾਂ ਦੀਆਂ ਹਰ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਸਬੰਧਤ ਕੌਂਸਲਰ ਨੇ ਗੁਰੂ ਨਾਨਕ ਨਗਰ ਵਾਸੀਆਂ ਨੂੰ ਕਿਹਾ ਕਿ ਉਹਨਾਂ ਦੇ ਹੁੰਦਿਆਂ ਮੁਹੱਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਹ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ।ਇਸ ਮੌਕੇ ਸਮੂਹ ਮੁਹੱਲਾ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ।