ਮੁਕੇਰੀਆਂ/ਹੁਸ਼ਿਆਰਪੁਰ, 1 ਸਤੰਬਰ:ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ
ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਹਰਦੀਪ ਕੌਰ ਦੀ ਅਗਵਾਈ ਵਿਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੁਕੇਰੀਆਂ ਮੰਜੂ ਬਾਲਾ ਵਲੋਂ
ਐਸ.ਪੀ.ਐਨ ਕਾਲਜ ਮੁਕੇਰੀਆਂ ਵਿਖੇ 30 ਸਤੰਬਰ ਤੱਕ ਮਨਾਏ ਜਾਣ ਵਾਲੇ ਪੋਸ਼ਣ ਮਹੀਨੇ ਸਬੰਧੀ
ਬਲਾਕ ਪੱਧਰੀ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਫਰੰਟ ਲਾਈਨ ਵਰਕਰਜ਼ ਜਿਵੇਂ
ਕਿ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਕਮਿਊਨਿਟੀ ਮੈਂਬਰਾਂ ਅਤੇ ਨਰਸਿੰਗ ਕਾਲਜ ਦੀਆਂ
ਵਿਦਿਆਰਥਣਾਂ ਨੂੰ ਪੋਸ਼ਣ ਸਹੁੰ ਚੁਕਾਈ ਗਈ। ਇਸ ਦੌਰਾਨ ਹੈਂਡ ਵਾਸ਼ ਦੇ ਸਹੀ ਤਰੀਕਿਆਂ ਬਾਰੇ
ਸਮਝਾਇਆ ਗਿਆ। ਸਮਾਜ ਨੂੰ ਪੌਸ਼ਟਿਕ ਖੁਰਾਕ ਬਾਰੇ ਜਾਗਰੂਕ ਕਰਨ ਲਈ ਇਕ ਪੋਸ਼ਣ ਰੈਲੀ ਕੱਢੀ ਗਈ।
ਸੀ.ਡੀ.ਪੀ.ਓ ਮੰਜੂ ਬਾਲਾ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਹਰ ਸਾਲ ਸਮਾਜਿਕ ਸੁਰੱਖਿਆ ਅਤੇ
ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਵਜੋਂ ਮਨਾਇਆ ਜਾਂਦਾ
ਹੈ ਅਤੇ ਸਮਾਜ ਨੂੰ ਪੌਸ਼ਟਿਕ ਆਹਾਰ ਜਿਵੇਂ ਕਿ ਹਰੀ ਪਤੇਦਾਰ ਸਬਜੀਆਂ, ਦੁੱਧ, ਮੌਸਮੀ ਫਲ,
ਮੋਟੇ ਅਨਾਜ, ਦਾਲਾਂ ਅਤੇ ਖਾਸ ਕਰਕੇ ਸਥਾਨਕ ਫੂਡ ਖਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਦਾ
ਉਦੇਸ਼ ਦੇਸ਼ ਵਿਚ ਕੁਪੋਸ਼ਣ ਅਤੇ ਅਨੀਮਿਆ ਨੂੰ ਦੂਰ ਕਰਨਾ ਅਤੇ ਵਿਸ਼ੇਸ਼ ਕਰਕੇ 0-6 ਸਾਲ ਦੇ
ਬੱਚਿਆਂ, ਕਿਸ਼ੋਰੀ ਲੜਕੀਆਂ, ਗਰਭਵਤੀ ਔਰਤਾਂ ਅਤੇ ਨਰਸਿੰਗ ਔਰਤਾਂ ਨੂੰ ਖੁਰਾਕ ਤੇ ਨਿੱਜੀ
ਸਫ਼ਾਈ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੂਰਾ ਮਹੀਨਾ ਵੱਖ-ਵੱਖ ਗਤੀਵਿਧੀਆਂ
ਜਿਵੇਂ ਕਿ ਜਾਗਰੂਕਤਾ ਕੈਂਪ, ਪ੍ਰਭਾਤ ਫੇਰੀ, ਰੈਲੀ, ਲੋਕਲ ਰੈਸਪੀਜ ਬਣਾਉਣਾ, ਹੈਲਦੀ ਬੇਬੀ
ਸ਼ੋਅ, ਪੇਂਟਿੰਗ ਮੁਕਾਬਲੇ ਕਰਵਾ ਕੇ ਸਮਾਜ ਨੂੰ ਪੋਸ਼ਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ
ਬੱਚੇ ਦੇ ਪਹਿਲੇ ਇਕ ਹਜ਼ਾਰ ਦਿਨ ਤੋਂ ਪੋਸ਼ਣ ਦੇ 5 ਸੂਤਰਾਂ ਬਾਰੇ ਖਾਸ ਕਰਕੇ ਇਕ ਮਹੀਨੇ ਵਿਸ਼ੇਸ਼
ਅਭਿਆਨ ਦੌਰਾਨ ਗਤੀਵਿਧੀਆਂ ਕੀਤੀਆਂ ਜਾਣਗੀਆਂ।