Fwd: ਖੇਡਾਂ ਵਤਨ ਪੰਜਾਬ ਦੀਆਂ ਨੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ : ਜਗਦੀਪ ਸਿੰਘ ਕਾਹਲੋਂ

ਖੇਡਾਂ ਵਤਨ ਪੰਜਾਬ ਦੀਆਂ ਨੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ : ਜਗਦੀਪ ਸਿੰਘ ਕਾਹਲੋਂ
ਰਾਜਪੁਰਾ, 2 ਸਤੰਬਰ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਜੋ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਨੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਬਲਾਕ ਰਾਜਪੁਰਾ ਵਿਖੇ ਕੌਮਾਂਤਰੀ ਸਾਈਕਲਿਸਟ ਖਿਡਾਰੀ ਜਗਦੀਪ ਸਿੰਘ ਕਾਹਲੋਂ (ਮਹਾਰਾਜਾ ਰਣਜੀਤ ਸਿੰਘ ਅਵਾਰਡੀ) ਨੇ ਬਲਾਕ ਪੱਧਰੀ ਖੇਡਾਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਨੇ ਹਰੇਕ ਉਮਰ ਵਰਗ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ ਤੇ ਇਸ ਨਾਲ ਛੁਪੀ ਹੋਈ ਖੇਡ ਪ੍ਰਤਿਭਾ ਬਾਹਰ ਆਵੇਗੀ ਜਿਸ ਨੂੰ ਤਰਾਸ਼ ਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤੀ ਵਾਰ ਹੁਨਰਮੰਦ ਖਿਡਾਰੀਆਂ ਨੂੰ ਮੰਚ ਪ੍ਰਦਾਨ ਨਹੀਂ ਹੁੰਦਾ ਜੋ ਹੁਣ ਖੇਡਾਂ ਵਤਨ ਪੰਜਾਬ ਦੀਆਂ ਦੇ ਰੂਪ ਵਿੱਚ ਸੂਬੇ ਦੇ ਹਰੇਕ ਨਾਗਰਿਕ ਨੂੰ ਇਕ ਸਮਾਨ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਬਲਾਕ ਰਾਜਪੁਰਾ ਵਿਖੇ ਚੱਲ ਰਹੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕਿਆਂ ਦੀ ਸਰਕਾਰੀ ਹਾਈ ਸਕੂਲ ਧਕਾਂਸ਼ੂ ਕਲਾਂ ਦੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੰਮਾਂ ਦੀ ਟੀਮ ਨੂੰ 30-27 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ। ਵਾਲੀਬਾਲ ਵਿੱਚ ਅੰਡਰ 14 ਲੜਕਿਆਂ ਦੀ ਟੀਮ ਵਿੱਚ ਪਹਿਲਾ ਸਥਾਨ ਸਮਾਰਟ ਮਾਈਂਡ ਪਬਲਿਕ ਸਕੂਲ, ਦੂਸਰਾ ਸਥਾਨ ਐਸ.ਡੀ. ਪਬਲਿਕ ਸਕੂਲ ਰਾਜਪੁਰਾ ਅਤੇ ਤੀਸਰਾ ਸਥਾਨ ਸਕਾਲਰ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਖੋ-ਖੋ ਗੇਮ ਵਿੱਚ ਅੰਡਰ-17 ਕੁੜੀਆਂ ਵਿਚ ਸੀ ਐਮ ਪਬਲਿਕ ਸਕੂਲ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹੀ ਖ਼ੁਰਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਵਿਚ ਸਰਕਾਰੀ ਮਿਡਲ ਸਕੂਲ ਖਾਨਪੁਰ ਬੜਿੰਗ ਨੇ ਪਹਿਲਾ, ਸਰਕਾਰੀ ਹਾਈ ਸਕੂਲ ਖੇੜੀ ਗੰਢੀਆਂ ਨੇ ਦੂਸਰਾ ਅਤੇ ਹਮਿੰਗ ਬਰਡ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਖੇੜੀ ਗੰਢੀਆਂ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਨੇ ਦੂਸਰਾ ਅਤੇ ਹਮਿੰਗ ਬਰਡ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਵਿੱਚ 100 ਮੀਟਰ ਈਵੈਂਟ ਉਮਰ ਵਰਗ 31-40 ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਅਤੇ ਸਿਮਰਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 56-65 ਉਮਰ ਵਰਗ ਵਿੱਚ ਜਸਬੀਰ ਸਿੰਘ ਚੀਮਾ ਨੇ 400 ਮੀਟਰ ਅਤੇ 800 ਮੀਟਰ ਈਵੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਲੜਕਿਆਂ ਵਿਚ ਐਨ.ਟੀ.ਸੀ. ਸਕੂਲ ਰਾਜਪੁਰਾ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਮਹਿੰਦਰਗੰਜ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।