ਨਵਾਂਸ਼ਹਿਰ, 4 ਸਤੰਬਰ: ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੀ ਸਾਂਭ- ਸੰਭਾਲ ਕਰਨ ਲਈ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਨਵੀਨਤਮ ਤਿਆਰ ਕੀਤੀ ਮਸ਼ੀਨ ਸਰਫੇਸ ਸੀਡਰ ਉਪਦਾਨ 'ਤੇ
ਦੇਣ ਲਈ ਬਿਨੈਪੱਤਰਾਂ ਦੀ ਮੰਗ ਵਿਭਾਗ ਦੇ ਪੋਰਟਲ URL https://agrimachinerypb.com 'ਤੇ
10 ਸਤੰਬਰ 2023 ਤੱਕ ਕੀਤੀ ਗਈ ਹੈ।ਡਿਪਟੀ ਕਮਿਸਨਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਨਿਗਰਾਨ
ਕਮੇਟੀ (ਸਟਬਲ ਬਰਨਿੰਗ ਕੰਟ੍ਰੋਲ) ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ
ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਮੁਹਿਮ ਸ਼ੁਰੂ ਹੋ ਗਈ ਹੈ, ਜਿਸ ਲਈ ਕਿਸਾਨਾਂ ਨੂੰ
ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ
ਅਤੇ ਇਸ ਸਬੰਧੀ ਸਬਸਿਡੀ ਲੈਣ ਲਈ 763 ਕਿਸਾਨਾਂ ਵਲੋਂ ਅਰਜੀਆਂ ਵੀ ਪ੍ਰਾਪਤ ਹੋਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ
ਦੱਸਿਆ ਕਿ ਨਵੀਨਤਮ ਤਿਆਰ ਕੀਤੀ ਮਸ਼ੀਨ ਸਰਫੇਸ ਸੀਡਰ 'ਤੇ ਸਬਸਿਡੀ ਲੈਣ ਲਈ ਅਰਜੀਆਂ ਦੀ ਮੰਗ
ਵਿਭਾਗ ਦੇ ਪੋਰਟਲ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਦਾ
ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਇਸ ਦੀ ਕੀਮਤ ਤਕਰੀਬਨ 80 ਹਜ਼ਾਰ ਰੁਪਏ ਹੈ, ਜੋ ਕਿ ਬਾਕੀ
ਮਸ਼ੀਨਰੀ ਨਾਲੋਂ ਕਾਫੀ ਘੱਟ ਹੈ।ਇਸ ਮਸ਼ੀਨ ਨਾਲ ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ ਹੀ ਕਣਕ ਦੀ
ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਲਈ 35 ਤੋਂ 40 ਹਾਰਸਪਾਵਰ ਦਾ
ਟਰੈਕਟਰ ਵੀ ਕਾਮਯਾਬ ਹੈ ਅਤੇ ਇਹ ਮਸ਼ੀਨ ਇਕ ਦਿਨ ਵਿੱਚ 14 ਤੋਂ 16 ਕਿਲੇ ਤੱਕ ਦੀ ਬਿਜਾਈ ਕਰ
ਸਕਦੀ ਹੈ ਜੋ ਕਿ ਬਾਕੀ ਮਸ਼ੀਨਾਂ ਨਾਲੋਂ ਕਾਫੀ ਜ਼ਿਆਦਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ ਦੇ ਵੱਖ-ਵੱਖ ਤਜਰਬੇ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਮਿੱਟੀ
ਦੀ ਸਿਹਤ ਕਾਫੀ ਮਜ਼ਬੂਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਨਾਲ 78 ਫੀਸਦੀ ਆਰਗੈਨਿਕ ਕਾਰਬਨ, 25 ਫੀਸਦੀ ਨਾਈਟ੍ਰੋਜਨ, 32
ਫੀਸਦੀ ਫਾਸਫੋਰਸ, 12 ਫੀਸਦੀ ਪੋਟਾਸ਼ੀਅਮ ਅਤੇ 4 ਫੀਸਦੀ ਫ਼ਸਲ ਦੇ ਝਾੜ ਵਿੱਚ ਵਾਧਾ
ਹੁੰਦਾ ਹੈ। ਉਨ੍ਹਾਂ
ਦੱਸਿਆ ਕਿ ਵਿਭਾਗ ਦੇ ਪੋਰਟਲ 'ਤੇ ਅਰਜ਼ੀ ਭਰਨ ਸਮੇਂ ਕਿਸਾਨ ਕੋਲ ਆਧਾਰ ਕਾਰਡ, ਫੋਟੋ, ਸਵੈ-
ਘੋਸ਼ਣਾ ਪੱਤਰ ਅਤੇ ਅਨੁਸੁਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ
ਸਬੰਧਤ ਹੋਵੇ) ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਗਰੁੱਪਾਂ,ਸਹਿਕਾਰੀ ਸਭਾਵਾਂ,
ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁੱਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ
ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਉਪਰੰਤ
ਗਾਇਡਲਾਈਨਾਂ ਦੇ ਮੁਤਾਬਕ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਲੈਣ ਲਈ ਮੰਜੂਰੀ ਪੱਤਰ ਉਨ੍ਹਾਂ ਦੇ
ਮੋਬਾਇਲ ਰਾਹੀਂ ਮਿਲੇਗਾ, ਜਿਸ ਉਪਰੰਤ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ ਮੈਨੂਫੈਕਚਰਰ/
ਸਪਲਾਇਰ ਤੋਂ ਮਸ਼ੀਨ ਲੈ ਸਕਣਗੇ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ
ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ, ਤਾਂ ਜੋ ਝੋਨੇ ਦੀ ਪਰਾਲੀ ਨੂੰ
ਅੱਗ ਲਗਾਉਣ ਦੀ ਪ੍ਰਥਾ ਰੋਕਿਆ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ
ਇੰਜੀਨੀਅਰ (ਸੰਦ)/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਵਿੱਚ ਜਾ ਕੇ ਸੰਪਰਕ ਕਰਨ।