ਨਵਾਂਸ਼ਹਿਰ, 14 ਮਈ :-ਜ਼ਿਲ੍ਹੇ ਵਿੱਚ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ, ਨਵਾਂਸ਼ਹਿਰ ਅਤੇ ਸਬ ਡਵੀਜ਼ਨ ਕੋਰਟ ਬਲਾਚੌਰ ਵਿਖੇ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੌਰਾਨ 10 ਬੈਂਚਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ 3068 ਕੇਸਾਂ ਵਿੱਚੋਂ 2605 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਨਿਪਟਾਰਾ ਕਰਦਿਆ 17,77,41,341/- ਰੁਪਏ ਦੇ ਅਵਾਰਡ ਸੁਣਾਏ ਗਏ । ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਈ ਗਈ ਨੈਸ਼ਨਲ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ ਵੱਲੋਂ ਇਨ੍ਹਾਂ ਬੈਂਚਾਂ ਦਾ ਨਿਰੀਖਣ ਕੀਤਾ ਗਿਆ ਅਤੇ ਨਿਆਇਕ ਅਫ਼ਸਰਾਂ ਨੂੰ ਕੇਸਾਂ ਦੇ ਨਿਪਟਾਰੇ ਵਿੱਚ ਵੀ ਅਗਵਾਈ ਦਿੱਤੀ ਗਈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੌਤੇ, ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣਾ ਹੈ ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ । ਉਨ੍ਹਾਂ ਦੱਸਿਆ ਕਿ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਜੋ ਵੱਖ ਵੱਖ ਅਦਾਲਤਾਂ ਵਿੱਚ ਲੰਬਿਤ ਹੋਣ, ਉਹ ਲੋਕ ਅਦਾਲਤਾਂ ਵਿੱਚ ਫੈਸਲੇ ਲਈ ਸ਼ਾਮਲ ਕੀਤੇ ਜਾਦੇ ਹਨ। ਇਸੇ ਤਰ੍ਹਾਂ ਜੋ ਝਗੜਾ ਅਦਾਲਤ ਵਿੱਚ ਨਾ ਚੱਲਦਾ ਹੋਵੇ, ਪਰੰਤੂ ਮੁਕੱਦਮਾਬਾਜ਼ੀ ਤੋਂ ਪਹਿਲਾ ਦੇ ਪੜਾਅ (ਪ੍ਰੀ- ਲਿਟੀਗੇਸ਼ਨ) 'ਤੇ ਹੋਵੇ, ਉਹ ਮਾਮਲਾ ਵੀ ਲੋਕ ਅਦਾਲਤ ਵਿੱਚ ਦਰਖਾਸਤ ਦੇ ਕੇ ਰਾਜੀਨਾਮੇ ਲਈ ਲਿਆਇਆ ਜਾ ਸਕਦਾ ਹੈ । ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ ਜੇ ਐਮ ਸ.ਕਮਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਕੇਸਾਂ ਦੀ ਸੁਣਵਾਈ ਲਈ ਜ਼ਿਲ੍ਹਾ ਕੋਰਟ ਕੰਪਲੈਕਸ, ਨਵਾਂਸ਼ਹਿਰ ਵਿਖੇ 09 ਬੈਂਚ ਅਤੇ ਸਵ-ਡਵੀਜ਼ਨ, ਬਲਾਚੌਰ ਵਿਖੇ 01 ਬੈਂਚ ਲਗਾਇਆ ਗਿਆ। ਜਿਸ ਦੌਰਾਨ ਜ਼ਿਲ੍ਹਾ ਜੱਜ (ਫੈਮਿਲੀ ਕੋਰਟ) ਮਿਸ ਮਨੀਸ਼ਾ ਜੈਨ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸਤਵਿੰਦਰ ਸਿੰਘ ਚਾਹਲ, ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ-1 ਕਰੂਨੇਸ਼ ਕੁਮਾਰ, ਸਿਵਲ ਜੱਜ (ਸੀਨੀਅਰ ਡੀਵੀਜ਼ਨ) ਪਰਮਿੰਦਰ ਕੌਰ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਜਗਬੀਰ ਸਿੰਘ ਮਹਿੰਦੀਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ) ਮੈਡਮ ਰਾਧਿਕਾ ਪੁਰੀ, ਸਿਵਲ ਜੱਜ (ਜੂਨੀਅਰ ਡੀਵੀਜਨ) ਮੈਡਮ ਮੋਨਿਕਾ ਚੌਹਾਨ, ਸਿਵਲ ਜੱਜ ( ਜੂਨੀਅਰ ਡੀਵੀਜਨ) ਮੈਡਮ ਕਵਿਤਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ ਅਤੇ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜ੍ਰਿਸਟਰੇਟ ਸੁਖਵਿੰਦਰ ਸਿੰਘ ਵੱਲੋ ਇਸ ਕੌਮੀ ਲੋਕ ਅਦਾਲਤ ਵਿੱਚ ਲੱਗੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਬੈਂਚਾਂ ਦੀ ਅਗਵਾਈ ਕਰਨ ਵਾਲੇ ਇਨ੍ਹਾਂ ਨਿਆਇਕ ਅਫ਼ਸਰਾਂ ਦੇ ਨਾਲ ਮੈਂਬਰਾਂ ਦੇ ਤੌਰ 'ਤੇ ਐਡਵੋਕੇਟ ਸ਼ਾਮਲ ਸਨ।